ਮੋਗਾ ਜੀ.ਟੀ. ਰੋਡ ’ਤੇ ਸਥਿਤ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ਵਿਚ ਪੜ੍ਹਦੀ ਇਕ ਨਾਬਾਲਗ ਐੱਨ.ਆਰ.ਆਈ. ਵਿਦਿਆਰਥਣ ਖੁਸ਼ਪ੍ਰੀਤ ਕੌਰ (17) ਵੱਲੋਂ ਸਕੂਲ ਦੇ ਡੀ.ਪੀ. (ਫਿਜ਼ੀਕਲ ਇੰਸਪੈਕਟਰ ) ਅਤੇ ਪ੍ਰਿੰਸੀਪਲ ਦੀ ਧੀ ਤੋਂ ਤੰਗ ਆ ਕੇ ਆਪਣੇ ਘਰ ਅੰਦਰ ਹੀ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਮਹਿਣਾ ਪੁਲਿਸ ਨੇ ਜਾਂਚ ਦੇ ਬਾਅਦ ਮ੍ਰਿਤਕਾ ਦੇ ਨਾਨਾ ਜਸਵੀਰ ਸਿੰਘ ਨਿਵਾਸੀ ਪਿੰਡ ਚੂਹੜਚੱਕ ਹਾਲ ਅਬਾਦ ਤਲਵੰਡੀ ਭੰਗੇਰੀਆ ਦੀ ਸ਼ਿਕਾਇਤ ਅਤੇ ਮ੍ਰਿਤਕਾ ਕੋਲੋਂ ਮਿਲੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਸਕੂਲ ਦੇ ਡੀ.ਪੀ. ਅਮਨਦੀਪ ਸਿੰਘ ਚਾਹਲ ਨਿਵਾਸੀ ਕਿਲੀ ਚਾਹਲ ਅਤੇ ਸਕੂਲ ਪ੍ਰਿੰਸੀਪਲ ਦੀ ਧੀ ਰਵਲੀਨ ਕੌਰ ਨਿਵਾਸੀ ਗੁਰੂਕੁਲ ਮਹਿਣਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਥਾਣਾ ਮਹਿਣਾ ਦੇ ਮੁੱਖ ਅਫਸਰ ਗੁਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਵੀਰ ਸਿੰਘ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਉਸ ਦੇ ਦੋ ਬੱਚੇ ਹਨ। ਮੇਰੀ ਧੀ ਕਿਰਨਪ੍ਰੀਤ ਕੌਰ ਦਾ ਵਿਆਹ ਕਰੀਬ 18-19 ਸਾਲ ਪਹਿਲਾਂ ਪਿੰਡ ਅੱਕਾਂ ਵਾਲੀ ਨਿਵਾਸੀ ਗੁਰਪ੍ਰੀਤ ਸਿੰਘ ਨਾਲ ਹੋਇਆ ਸੀ, ਜੋ ਕੈਨੇਡਾ ਸਿਟੀਜ਼ਨ ਹੈ। ਮੇਰੀ ਦੋਹਤੀ ਖੁਸ਼ਪ੍ਰੀਤ ਕੌਰ ਨੇ 15 ਦਿਨ ਪਹਿਲਾਂ ਮੈਨੂੰ ਦੱਸਿਆ ਕਿ ਮੈਨੂੰ ਪ੍ਰਿੰਸੀਪਲ ਹਰਪ੍ਰੀਤ ਕੌਰ ਦੀ ਧੀ ਰਵਲੀਨ ਕੌਰ ਅਤੇ ਅਮਨਦੀਪ ਸਿੰਘ ਚਾਹਲ ਡੀ.ਪੀ. ਮਾਨਸਿਕ ਤੌਰ ’ਤੇ ਪਰੇਸ਼ਾਨ ਕਰਦੇ ਹਨ, ਜਿਸ ’ਤੇ ਮੈਂ ਸਕੂਲ ਜਾ ਕੇ ਪ੍ਰਿੰਸੀਪਲ ਨੂੰ ਸ਼ਿਕਾਇਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਕੋਈ ਗੱਲ ਨਹੀਂ ਹੋਵੇਗੀ,ਪਰ ਉਹ ਮੇਰੀ ਦੋਹਤੀ ਨੂੰ ਤੰਗ ਪਰੇਸ਼ਾਨ ਕਰਨ ਤੋਂ ਨਾ ਹਟੇ।
ਬੀਤੀ 10 ਜੂਨ ਨੂੰ ਉਸ ਨੇ ਇਨ੍ਹਾਂ ਦੋਹਾਂ ਤੋਂ ਤੰਗ ਆ ਕੇ ਆਪਣੇ ਗਲੇ ਵਿਚ ਫਾਹਾ ਪਾ ਕੇ ਖੁਦਕੁਸ਼ੀ ਕਰ ਲਈ। ਉਸ ਦੀ ਜੇਬ ’ਚੋਂ ਨਿਕਲੇ ਖੁਦਕੁਸ਼ੀ ਨੋਟ ਵਿਚ ਉਸਨੇ ਕਥਿਤ ਦੋਸ਼ੀਆਂ ਦਾ ਤੰਗ ਪਰੇਸ਼ਾਨ ਕਰਨ ਸਬੰਧੀ ਜ਼ਿਕਰ ਕੀਤਾ ਹੈ ਅਤੇ ਕਿਹਾ ਕਿ ਇਨ੍ਹਾਂ ਕਾਰਨ ਹੀ ਉਹ ਖੁਦਕੁਸ਼ੀ ਕਰ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅੱਜ ਥਾਣੇਦਾਰ ਲਖਵੀਰ ਸਿੰਘ ਨੇ ਮ੍ਰਿਤਕਾ ਦੀ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤੀ।ਇਸਦੇ ਨਾਲ ਹੀ ਕਿਹਾ ਕਿ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।