ਨਿੰਮ ਭਾਰਤ ਦੇ ਹਰ ਕੋਨੇ ’ਚ ਆਮ ਹੀ ਮਿਲ ਜਾਂਦੀ ਹੈ। ਪਹਿਲਾਂ ਲੋਕ ਸਾਦਾ ਜੀਵਨ ਬਤੀਤ ਕਰਦੇ ਸਨ, ਉਸ ਸਮੇਂ ਅੱਜ ਦੇ ਟੁੱਥਪੇਸਟ ਨਹੀਂ ਸਨ। ਉਹ ਸਿਰਫ ਰੁੱਖਾਂ ਦੀਆਂ ਟਾਹਣੀਆਂ ਦੀ ਵਰਤੋਂ ਕਰਦੇ ਸਨ, ਜਿਸ ਨੂੰ ਅਸੀਂ ਦਾਤਨ ਵਜੋਂ ਜਾਣਦੇ ਹਾਂ। ਇਨ੍ਹਾਂ ਨਾਲ ਹੀ ਉਹ ਆਪਣੇ ਦੰਦਾਂ ਨੂੰ ਸਾਫ਼ ਰੱਖਦੇ ਸਨ। ਇਨ੍ਹਾਂ ਰੁੱਖਾਂ ’ਚੋਂ ਨਿੰਮ ਨੂੰ ਲਾਭਕਾਰੀ ਮੰਨਿਆ ਜਾਂਦਾ ਸੀ। ਇਸ ’ਚ ਪਾਏ ਜਾਂਦੇ ਗੁਣ ਸ਼ਾਇਦ ਹੀ ਕਿਸੇ ਹੋਰ ਰੁੱਖ ’ਚ ਹੁੰਦੇ ਹੋਣ। ਨਿੰਮ ਦੰਦਾਂ ਨੂੰ ਪੀਲਾ ਨਹੀਂ ਹੋਣ ਦਿੰਦੀ ਤੇ ਨਾ ਜਲਦੀ ਕੀੜਾ ਹੀ ਲੱਗਦਾ, ਮੂੰਹ ਦੀ ਬਦਬੂ ਵੀ ਦੂਰ ਹੋ ਜਾਂਦੀ ਹੈ। ਪੁਰਾਤਨ ਯੁੱਗ ’ਚ ਨਿੰਮ ਦੀ ਵਰਤੋਂ ਆਮ ਹੀ ਕੀਤੀ ਜਾਂਦੀ ਸੀ ਪਰ ਅੱਜ ਅਸੀਂ ਭਾਰਤੀ ਰੁੱਖਾਂ ਨੂੰ ਭੁੱਲਦੇ ਜਾ ਰਹੇ ਹਾਂ। ਇਹ ਸਸਤਾ ਸਾਧਨ ਹੈ ਤੇ ਕੈਮੀਕਲ-ਯੁਕਤ ਟੁੱਥਪੇਸਟਾਂ ਨਾਲੋਂ ਕਿਤੇ ਜ਼ਿਆਦਾ ਲਾਭਕਾਰੀ ਵੀ।
ਕੁਦਰਤ ਦਾ ਅਨਮੋਲ ਤੋਹਫ਼ਾ ਹੈ ਨਿੰਮ। ਬਾਜ਼ਾਰੀ ਕੈਮੀਕਲ-ਯੁਕਤ ਕਰੀਮਾਂ ਨੂੰ ਛੱਡ ਜੇ ਅਸੀਂ ਉਸ ’ਚ ਪਾਈਆਂ ਕੁਦਰਤੀ ਚੀਜ਼ਾਂ ਦਾ ਸਹੀ ਰੂਪ ’ਚ ਇਸਤੇਮਾਲ ਕਰੀਏ ਤਾਂ ਅਸੀਂ ਕਰੀਮਾਂ ਨਾਲੋਂ ਕਿਤੇ ਜ਼ਿਆਦਾ ਲਾਭ ਪ੍ਰਾਪਤ ਕਰ ਸਕਦੇ ਹਾਂ। ਨਿੰਮ ਦੀ ਵਰਤੋਂ ਹਰ ਉਮਰ ’ਚ ਕੀਤੀ ਜਾ ਸਕਦੀ ਹੈ। ਜੋ ਦਾਤਨ ਸਾਨੂੰ ਭਾਰਤ ’ਚ ਆਸਾਨੀ ਨਾਲ ਤੇ ਮੁਫ਼ਤ ਮਿਲਦੀ ਹੈ, ਉਹੀ ਵਿਦੇਸ਼ਾਂ ’ਚ ਮਹਿੰਗੇ ਮੁੱਲ ਖ਼ਰੀਦਣੀ ਪੈਂਦੀ ਹੈ। ਦੰਦਾਂ ਤੋਂ ਇਲਾਵਾ ਨਿੰਮ ਸਾਨੂੰ ਹੋਰ ਵੀ ਕਈ ਫਾਇਦੇ ਦਿੰਦੀ ਹੈ। ਇਸ ’ਚ ਕੋਈ ਸ਼ੱਕ ਨਹੀ ਕਿ ਕਈ ਦਵਾਈਆਂ ’ਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ।