ਗੁਜਰਾਤ: ਗੁਜਰਾਤ ਦੇ ਮੋਰਬੀ ਜ਼ਿਲ੍ਹੇ ‘ਚ ਨਮਕ ਪੈਕੇਜਿੰਗ ਫੈਕਟਰੀ ‘ਚ ਬੁੱਧਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਕਰੀਬ 30 ਮਜ਼ਦੂਰ ਕੰਧ ਦੇ ਮਲਬੇ ਹੇਠ ਦੱਬ ਗਏ। ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਜ਼ਖਮੀਆਂ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ।
ਜੀਆਈਡੀਸੀ ਸਥਿਤ ਸਾਗਰ ਸਾਲਟ ਨਾਂ ਦੀ ਫੈਕਟਰੀ ਵਿੱਚ ਜਦੋਂ ਕੰਧ ਡਿੱਗੀ ਤਾਂ ਉੱਥੇ 30 ਦੇ ਕਰੀਬ ਮਜ਼ਦੂਰ ਕੰਮ ਕਰ ਰਹੇ ਸਨ। ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਦੇ ਨਾਲ ਕੁਝ ਮਜ਼ਦੂਰਾਂ ਦੇ ਬੱਚੇ ਵੀ ਸਨ, ਜੋ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਹਾਲਾਂਕਿ ਬੱਚਿਆਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ।
ਇਹ ਘਟਨਾ ਦੁਪਹਿਰ ਕਰੀਬ 12 ਵਜੇ ਵਾਪਰੀ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਵੀ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਘਟਨਾ ਤੋਂ ਬਾਅਦ ਸਥਾਨਕ ਵਿਧਾਇਕ ਪਰਸ਼ੋਤਮ ਸਾਬਰੀਆ ਅਤੇ ਕਲੈਕਟਰ ਸਮੇਤ ਕਈ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕੰਧ ਕਿਸ ਕਾਰਨ ਡਿੱਗੀ।
ਹਾਦਸੇ ਤੋਂ ਅੱਧਾ ਘੰਟਾ ਪਹਿਲਾਂ ਤੱਕ 40 ਤੋਂ ਵੱਧ ਮਜ਼ਦੂਰ ਇੱਥੇ ਨਮਕ ਭਰ ਰਹੇ ਸਨ। ਉਨ੍ਹਾਂ ਵਿੱਚੋਂ ਕਈ ਬਾਹਰ ਖਾਣਾ ਖਾਣ ਗਏ ਹੋਏ ਸਨ। ਨਹੀਂ ਤਾਂ ਹੋਰ ਮਜ਼ਦੂਰਾਂ ਦੀ ਮੌਤ ਹੋ ਜਾਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਕੰਪਨੀ ਦੇ ਕੁਝ ਮਜ਼ਦੂਰਾਂ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਰਾਧਨਪੁਰ ਤਹਿਸੀਲ ਦੇ ਪਿੰਡਾਂ ਦੇ ਵਸਨੀਕ ਹਨ।
ਇਸ ਹਾਦਸੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੁਖ਼ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,”ਮੋਰਬੀ ‘ਚ ਕੰਧ ਡਿੱਗਣ ਨਾਲ ਹੋਈ ਤ੍ਰਾਸਦੀ ਦਿਲ ਝੰਜੋੜਨ ਵਾਲੀ ਹੈ। ਦੁਖ਼ ਦੀ ਇਸ ਘੜੀ ‘ਚ ਮੇਰੀ ਹਮਦਰਦੀ ਸੋਗ ਪੀੜਤ ਪਰਿਵਾਰਾਂ ਨਾਲ ਹੈ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ। ਸਥਾਨਕ ਅਧਿਕਾਰੀ ਪ੍ਰਭਾਵਿਤਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਹੇ ਹਨ।”