ਇਸ ਵਾਰ ਮਾਰਚ ਮਹੀਨੇ ‘ਚ ਹੀ ਗਰਮੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਹੁਣ ਅਪ੍ਰੈਲ ‘ਚ ਇਸ ਦੇ ਹੋਰ ਵਧੇਰੇ ਵਧਣ ਦੀ ਚਿਤਾਵਨੀ ਦਿੱਤੀ ਗਈ ਹੈ। ਦਿੱਲੀ ਤੋਂ ਨਾਗਪੁਰ ਤੱਕ ਮੌਸਮ 40 ਡਿਗਰੀ ਤੋਂ ਪਾਰ ਹੈ, ਜਦਕਿ 3 ਅਪ੍ਰੈਲ ਤੋਂ ਬਾਅਦ ਗਰਮੀ ਦਾ ਇਹ ਹੀਟ ਹੋਰ ਵਧਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਉੱਤਰੀ ਸਮੇਤ ਕੇਂਦਰੀ ਹਿੱਸਿਆਂ ਦੇ ਸਾਰੇ ਰਾਜਾਂ ਵਿੱਚ ਅਗਲੇ ਪੰਜ ਦਿਨਾਂ ਤੱਕ ਤੇਜ਼ ਲੂ ਦੇ ਚੱਲਣ ਦੀ ਗੱਲ ਕਹੀ ਹੈ। ਉਨ੍ਹਾਂ ਇਸ ਸਬੰਧੀ ਅਲਰਟ ਵੀ ਜਾਰੀ ਕੀਤਾ ਹੈ। ਆਈਐਮਡੀ ਮੁਤਾਬਕ ਅਗਲੇ ਕੁਝ ਦਿਨਾਂ ਤੱਕ ਕੇਂਦਰੀ ਹਿੱਸਿਆਂ ਦੇ ਸਾਰੇ ਰਾਜਾਂ ਵਿੱਚ ਤਾਪਮਾਨ ਵਧੇਗਾ।
ਗਰਮੀਆਂ ਵਿੱਚ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਰਾਜਸਥਾਨ ਦੇ ਜੋਧਪੁਰ ਵਿੱਚ ਵਾਟਰ ਟਰੇਨ ਦਾ ਟਰਾਇਲ ਸ਼ੁਰੂ ਕਰ ਦਿੱਤਾ ਹੈ। ਇਹ ਵਾਟਰ ਟਰੇਨ 15 ਅਪ੍ਰੈਲ ਤੋਂ 30 ਅਪ੍ਰੈਲ ਤੱਕ ਦਿਨ ‘ਚ ਦੋ ਵਾਰ ਚੱਲੇਗੀ। ਜੋਧਪੁਰ ‘ਚ ਪ੍ਰਸ਼ਾਸਨ ਪਾਣੀ ਦੀ ਕਮੀ ਨੂੰ ਲੈ ਕੇ ਟਰੇਨ ਚਲਾ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਸਣੇ ਉਤਰ ਭਾਰਤ ਗਰਮੀ ਤੋਂ ਪਰੇਸ਼ਾਨ ਹੈ। ਗਰਮੀ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮੌਸਮ ਵਿਭਾਗ ਮੁਤਾਬਿਕ ਮੀਂਹ ਪੈਣ ਦੇ ਅਜੇ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ, ਜਿਸ ਨਾਲ ਹਾਲੇ ਕੁੱਝ ਦਿਨ ਗਰਮੀ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਪੰਜਾਬ ਵਿੱਚ ਬੀਤੇ ਕੱਲ੍ਹ ਬਠਿੰਡਾ ਸਭ ਤੋਂ ਗਰਮਾ ਰਿਹਾ। ਮੌਸਮ ਵਿਭਾਗ ਵੱਲੋਂ ਹੀਟਵੇਵ ਯਾਨੀ ਲੂ ਚੱਲਣ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ।
ਮੀਂਹ ਦੀ ਕੋਈ ਸੰਭਾਵਨਾ ਨਹੀਂ
ਪਾਣੀ ਦੀ ਕਿੱਲਤ ਕਾਰਨ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਹੋਰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਨੇ ਆਉਣ ਵਾਲੇ 10 ਦਿਨਾਂ ਤੱਕ ਮੀਂਹ ਪੈਣ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਇਸ ਦਾ ਸਪੱਸ਼ਟ ਮਤਲਬ ਹੈ ਕਿ ਅੱਧੇ ਭਾਰਤ ‘ਤੇ ਗਰਮੀ ਦੇ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ।