ਅੱਜ ਤੋਂ ਅਗਲੇ ਕੁਝ ਦਿਨਾਂ ਤੱਕ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਨਮੀ ਵਾਲੀਆਂ ਹਵਾਵਾਂ ਉੱਤਰੀ ਭਾਰਤ ਨੂੰ ਰਾਹਤ ਦੇਣਗੀਆਂ। ਭਾਰਤ ਮੌਸਮ ਵਿਭਾਗ (IMD) ਦੇ ਅਨੁਸਾਰ ਅਗਲੇ ਤਿੰਨ ਦਿਨਾਂ ਤੱਕ ਦਿੱਲੀ, ਯੂਪੀ, ਪੰਜਾਬ ਅਤੇ ਹਰਿਆਣਾ ਵਿੱਚ ਤੂਫ਼ਾਨ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਗਰਜ ਨਾਲ ਮੀਂਹ ਵੀ ਪਵੇਗਾ। ਕੁਝ ਇਲਾਕਿਆਂ ‘ਚ ਅਚਾਨਕ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਨ੍ਹਾਂ ਦੀ ਰਫਤਾਰ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਤੱਕ ਹੋ ਸਕਦੀ ਹੈ। ਅਜਿਹਾ ਹੀ ਮੌਸਮ ਦੇਸ਼ ਦੇ ਬਾਕੀ ਉੱਤਰ-ਪੱਛਮੀ ਖੇਤਰਾਂ ਵਿੱਚ ਵੀ ਦੇਖਿਆ ਜਾ ਸਕਦਾ ਹੈ। ਇਸ ਨਾਲ ਗੰਗਾ ਦੇ ਮੈਦਾਨੀ ਇਲਾਕਿਆਂ ‘ਚ ਗਰਮੀ ਦੀ ਲਹਿਰ ਤੋਂ ਕੁਝ ਦਿਨਾਂ ਤੱਕ ਛੁਟਕਾਰਾ ਮਿਲ ਜਾਵੇਗਾ।
ਮੌਸਮ ਵਿੱਚ ਇਸ ਤਬਦੀਲੀ ਕਾਰਨ ਉੱਤਰੀ-ਪੱਛਮੀ ਖੇਤਰਾਂ ਵਿੱਚ ਅਗਲੇ ਦੋ ਦਿਨਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 3 ਤੋਂ 5 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਮੱਧ ਅਤੇ ਪੂਰਬੀ ਭਾਰਤ ਤੋਂ ਇਲਾਵਾ ਗੁਜਰਾਤ, ਮਹਾਰਾਸ਼ਟਰ ਵਿੱਚ ਪਾਰਾ 2-3 ਡਿਗਰੀ ਤੱਕ ਹੇਠਾਂ ਆ ਸਕਦਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬੰਗਾਲ ਦੀ ਖਾੜੀ ਅਤੇ ਉੱਤਰ-ਪੂਰਬ ਤੋਂ ਆਉਣ ਵਾਲੀਆਂ ਹਵਾਵਾਂ ਕਾਰਨ ਅਗਲੇ 5 ਦਿਨਾਂ ਤੱਕ ਬਿਹਾਰ, ਝਾਰਖੰਡ, ਬੰਗਾਲ ਅਤੇ ਉੜੀਸਾ ਵਿੱਚ ਤੇਜ਼ ਹਨ੍ਹੇਰੀ ਅਤੇ ਗਰਜ ਨਾਲ ਤੂਫ਼ਾਨ ਆ ਸਕਦਾ ਹੈ।
ਆਈਐਮਡੀ ਨੇ ਕਿਹਾ ਕਿ ਪੱਛਮੀ ਗੜਬੜੀ ਕਾਰਨ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਅਤੇ ਕਸ਼ਮੀਰ ਵਿੱਚ ਤੇਜ਼ ਹਵਾਵਾਂ ਚੱਲਣਗੀਆਂ। ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਹੋ ਸਕਦੀ ਹੈ। ਇਸ ਤੋਂ ਬਾਅਦ 3 ਅਤੇ 4 ਮਈ ਨੂੰ ਕੁਝ ਇਲਾਕਿਆਂ ‘ਚ ਤੇਜ਼ ਹਵਾਵਾਂ ਦੇ ਨਾਲ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੜੇ ਵੀ ਪੈ ਸਕਦੇ ਹਨ। ਤੇਜ਼ ਤੂਫ਼ਾਨ ਦੀ ਵੀ ਸੰਭਾਵਨਾ ਹੈ। ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਹਵਾਵਾਂ ਦੇ ਕਾਰਨ ਉੱਤਰ-ਪੂਰਬੀ ਭਾਰਤ ਅਤੇ ਉਪ-ਹਿਮਾਲੀਅਨ ਬੰਗਾਲ, ਸਿੱਕਮ ਵਿੱਚ ਅਗਲੇ 5 ਦਿਨਾਂ ਤੱਕ ਤੂਫਾਨ ਅਤੇ ਗਰਜ ਨਾਲ ਤੂਫਾਨ ਆਉਣ ਦੀ ਸੰਭਾਵਨਾ ਹੈ। ਕੁਝ ਥਾਵਾਂ ‘ਤੇ ਭਾਰੀ ਮੀਂਹ ਵੀ ਪਵੇਗਾ। ਦੂਜੇ ਪਾਸੇ ਦੱਖਣੀ ਅੰਡੇਮਾਨ ਸਾਗਰ ‘ਚ ਚੱਕਰਵਾਤੀ ਹਵਾਵਾਂ ਦਾ ਸਿਸਟਮ ਬਣ ਰਿਹਾ ਹੈ, ਜਿਸ ਕਾਰਨ ਤੇਜ਼ ਹਵਾਵਾਂ ਦੇ ਵਿਚਕਾਰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਸਕਾਈਮੇਟ ਵੈਦਰ ਦੇ ਅਨੁਸਾਰ ਇੱਕ ਤਾਜ਼ਾ ਪੱਛਮੀ ਗੜਬੜ ਪੱਛਮੀ ਹਿਮਾਲਿਆ ਤੱਕ ਪਹੁੰਚ ਗਈ ਹੈ। ਕੜਾਕੇ ਦੀ ਗਰਮੀ ਦੇ ਵਿਚਕਾਰ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਕਰਵਟ ਲੈ ਲਈ ਹੈ। ਹਿਮਾਚਲ ਪ੍ਰਦੇਸ਼, ਕਰਨਾਟਕ ਅਤੇ ਪੂਰਬੀ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਐਤਵਾਰ ਸ਼ਾਮ ਨੂੰ ਤੇਜ਼ ਹਵਾਵਾਂ ਨਾਲ ਮੀਂਹ ਪਿਆ। ਇਸ ਦੇ ਨਾਲ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਰਾਜਸਥਾਨ ‘ਚ ਕੁਝ ਥਾਵਾਂ ‘ਤੇ ਗੜੇ ਵੀ ਪਏ। ਮੌਸਮ ਵਿਭਾਗ ਨੇ 3 ਮਈ ਤੱਕ 19 ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗੜੇਮਾਰੀ ਦਾ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਦੇਸ਼ ਦੇ ਕਈ ਹਿੱਸਿਆਂ ‘ਚ ਤੂਫਾਨ ਅਤੇ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਨਾਲ ਲੋਕਾਂ ਨੂੰ ਕੜਕਦੀ ਧੁੱਪ ਤੋਂ ਰਾਹਤ ਮਿਲੇਗੀ। ਦਰਅਸਲ ਇਸ ਸਮੇਂ ਵੈਸਟਰਨ ਡਿਸਟਰਬੈਂਸ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਨੇੜੇ ਹੈ ਅਤੇ ਇਹ ਹੌਲੀ-ਹੌਲੀ ਦਿੱਲੀ ਵੱਲ ਵਧ ਰਿਹਾ ਹੈ। ਇਸ ਪ੍ਰਭਾਵ ਕਾਰਨ ਉੱਤਰ-ਪੱਛਮੀ ਭਾਰਤ ਵਿੱਚ ਮੀਂਹ ਪੈ ਸਕਦਾ ਹੈ।