ਸੰਸਦ ਦਾ ਮੌਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਦਾ ਮਾਨਸੂਨ ਸੈਸ਼ਨ 19 ਜੁਲਾਈ ਤੋਂ 13 ਅਗਸਤ ਤਕ ਹੋਵੇਗਾ। ਖਬਰਾਂ ਅਨੁਸਾਰ ਇਸ ਸੈਸ਼ਨ ਦੌਰਾਨ 20 ਬੈਠਕਾਂ ਹੋਣ ਦੀ ਸੰਭਾਵਨਾ ਹੈ ਜੋ ਤਕਰੀਬਨ ਇੱਕ ਮਹੀਨਾ ਚੱਲਣਗੀਆਂ। ਆਮ ਤੌਰ ‘ਤੇ ਸੰਸਦ ਦਾ ਮੌਨਸੂਨ ਸੈਸ਼ਨ ਜੁਲਾਈ ਦੇ ਤੀਜੇ ਹਫ਼ਤੇ ਤੋਂ ਸ਼ੁਰੂ ਹੁੰਦਾ ਹੈ ਅਤੇ ਆਜ਼ਾਦੀ ਦਿਵਸ ਤੋਂ ਪਹਿਲਾਂ ਖ਼ਤਮ ਹੁੰਦਾ ਹੈ। ਇਹ ਮੌਨਸੂਨ ਸੈਸ਼ਨ ਤੋਂ ਪਹਿਲਾ ਸਾਬਕਾ ਕੇਂਦਰੀ ਮੰਤਰੀ ਹਰਸਿਰਮਤ ਕੌਰ ਬਾਦਲ ਨੇ ਵੱਡਾ ਬਿਆਨ ਦਿੱਤਾ ਹੈ।
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਸੰਸਦ ਵਿੱਚ ਪ੍ਰਸਤਾਵ ਲਿਆਵੇਗਾ। ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਰਮਤ ਕੌਰ ਬਾਦਲ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹ ਕਿਸਾਨਾਂ ਦਾ ਹਿੱਤ ਚਾਹੁੰਦੇ ਹਨ ਤਾਂ ਇਸ ਪ੍ਰਸਤਾਵ ਉਤੇ ਆਪਣਾ ਸਮਰਥਨ ਦੇਣ, ਤਾਂ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਇਆ ਜਾ ਸਕੇ।
ਜ਼ਿਕਰਯੋਗ ਹੈ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਖੇਤੀ ਸਬੰਧੀ ਤਿੰਨ ਕਾਨੂੰਨ ਲੈ ਕੇ ਆਈ ਸੀ ਤਾਂ ਉਸ ਸਮੇਂ ਅਕਾਲੀ ਦਲ ਨੇ ਸਰਕਾਰ ਦਾ ਹਿੱਸਾ ਹੁੰਦੇ ਹੋਏ ਕਾਨੂੰਨਾਂ ਦਾ ਸਮਰਥਨ ਕੀਤਾ ਸੀ। ਪੰਜਾਬ ਵਿੱਚ ਕਿਸਾਨ ਯੂਨੀਅਨਾਂ ਵੱਲੋਂ ਕੀਤੇ ਗਏ ਵਿਰੋਧ ਤੋਂ ਬਾਅਦ ਅਕਾਲੀ ਦਲ ਭਾਜਪਾ ਨਾਲੋਂ ਆਪਣਾ ਨਾਤਾ ਤੋੜਕੇ ਕੇਂਦਰ ਸਰਕਾਰ ਵਿਚੋਂ ਬਾਹਰ ਆ ਗਿਆ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧੀ ਧਿਰ ਦੇ ਸਾਰੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਸੰਸਦ ਵਿੱਚ ਰਹਿੰਦੇ ਹੋਏ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨ। ਕਿਸਾਨਾਂ ਵੱਲੋਂ ਇਹ ਵਿਰੋਧੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵਾਕਆਊਟ ਕਰਕੇ ਸੰਸਦ ਵਿਚੋਂ ਬਾਹਰ ਨਾ ਆਉਣ, ਕਿਉਂਕਿ ਇਸ ਨਾਲ ਸੱਤਾਧਾਰੀ ਪਾਰਟੀ ਨੂੰ ਆਪਣਾ ਫੈਸਲੇ ਕਰਨ ਦਾ ਮੌਕਾ ਮਿਲ ਜਾਂਦਾ ਹੈ।