ਕੋਰੋਨਾ ਮਾਮਲਿਆਂ ‘ਚ ਵਾਧਾ ਜਾਰੀ, ਇਸ ਸ਼ਹਿਰ ‘ਚ 31 ਮਈ ਤੱਕ 144 ਧਾਰਾ ਹੋਈ ਲਾਗੂ

0
136

ਕੋਰੋਨਾ ਮਾਮਲਿਆਂ ‘ਚ ਵਾਧਾ ਫਿਰ ਤੋਂ ਸ਼ੁਰੂ ਹੋ ਗਿਆ ਹੈ। ਨੋਇਡਾ ਪ੍ਰਸ਼ਾਸਨ ਨੇ ਵੱਧਦੇ ਕੋਰੋਨਾ ਕੇਸਾਂ ਨੂੰ ਵੇਖਦੇ ਹੋਏ ਧਾਰਾ 144 ਲਗਾਉਣ ਦਾ ਐਲਾਨ ਕੀਤਾ ਹੈ। ਇਹ ਪਾਬੰਦੀ 31 ਮਈ ਤਕ ਲਾਗੂ ਰਹੇਗੀ। ਪ੍ਰਸ਼ਾਸਨ ਦੇ ਇਸ ਹੁਕਮ ਤੋਂ ਬਾਅਦ ਕਿਸੇ ਵੀ ਜਨਤਕ ਥਾਂ ’ਤੇ ਲੋਕਾਂ ਦੀ ਭੀੜ ਇਕੱਠੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਮਾਸਕ ਜ਼ਰੂਰੀ ਕਰ ਦਿੱਤਾ ਗਿਆ ਹੈ।

ਨੋਇਡਾ ’ਚ ਧਾਰਾ-144 ਲਾਗੂ ਹੋਣ ਦਾ ਮਤਲਬ ਹੈ ਕਿ ਉੱਚ ਅਧਿਕਾਰੀਆਂ ਦੀ ਆਗਿਆ ਦੇ ਬਿਨਾਂ ਕਿਸੇ ਨੂੰ ਵੀ ਵਿਰੋਧ ਪ੍ਰਦਰਸ਼ਨ ਜਾਂ ਭੁੱਖ-ਹੜਤਾਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਗੌਤਮਬੁੱਧ ਨਗਰ ਦੇ ਪੁਲਿਸ ਕਮਿਸ਼ਨਰ ਨੇ ਇਕ ਬਿਆਨ ’ਚ ਕਿਹਾ ਕਿ ਜਨਤਕ ਥਾਵਾਂ ’ਤੇ ਪੂਜਾ ਅਤੇ ਨਮਾਜ਼ ਦੇ ਆਯੋਜਨ ਦੀ ਆਗਿਆ ਨਹੀਂ ਹੋਵੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਇਸ ਤੋਂ ਫਾਇਦਾ ਨਹੀਂ ਹੋਵੇਗਾ ਤਾਂ ਸਖ਼ਤੀ ਨੂੰ ਹੋਰ ਵਧਾਉਣਾ ਹੋਵੇਗਾ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਉਨ੍ਹਾਂ ਸੂਬਿਆਂ ’ਚ ਸ਼ਾਮਲ ਹੈ, ਜਿੱਥੇ ਕੋਰੋਨਾ ਦੇ ਕੇਸ ਇਕ ਵਾਰ ਫਿਰ ਤੋਂ ਵੱਧਣ ਲੱਗੇ ਹਨ। ਦਿੱਲੀ ਦੀ ਸਥਿਤੀ ਸਭ ਤੋਂ ਜ਼ਿਆਦਾ ਚਿੰਤਾਜਨਕ ਬਣੀ ਹੋਈ ਹੈ।

ਦੱਸਣਯੋਗ ਹੈ ਕਿ ਭਾਰਤ ’ਚ ਇਕ ਦਿਨ ’ਚ ਕੋਰੋਨਾ ਦੇ 3,157 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਤੱਕ ਪੀੜਤ ਹੋ ਚੁੱਕੇ ਲੋਕਾਂ ਦੀ ਗਿਣਤੀ ਵੱਧ ਕੇ 4,30,82,345 ਹੋ ਗਈ ਹੈ। ਉੱਥੇ ਹੀ ਵਾਇਰਸ ਨਾਲ 26 ਹੋਰ ਲੋਕਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,23,869 ਹੋ ਗਈ ਹੈ। ਦੇਸ਼ ’ਚ ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਬਾਅਦ ਕੋਰੋਨਾ ਵਾਇਰਸ ਦੀ ਲਾਗ ਦਰ 1 ਫ਼ੀਸਦੀ ਦੇ ਪਾਰ ਪਹੁੰਚ ਕੇ 1.07 ਫ਼ੀਸਦੀ ਦਰਜ ਕੀਤੀ ਗਈ।

 

LEAVE A REPLY

Please enter your comment!
Please enter your name here