ਪੰਜਾਬ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਮਾਨਸਾ ਸ਼ਹਿਰ ਦੇ ਅੰਡਰ ਬ੍ਰਿਜ ਵਾਲੀ ਸੜਕ ( ਸਬਜ਼ੀ ਮੰਡੀ ਵਾਲੀ ਸੜਕ ) ਦੀ ਸਮੱਸਿਆ ਦਾ ਹੱਲ ਕਰਦੇ ਹੋਏ ਅੱਜ ਪੂਰੀ ਸੜਕ ਦੇ ਨਵੇਂ ਸਿਰਿਓਂ ਨਵੀਨੀਕਰਨ ਲਈ ਰਸਮੀ ਤੌਰ ‘ਤੇ ਟੱਕ ਲਗਾ ਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ।
ਉਨ੍ਹਾਂ ਨੇ ਕਿਹਾ ਕਿ ਇਸ ਸੜਕ ਦੀ ਮਾੜੀ ਹਾਲਤ ਕਾਰਨ ਸ਼ਹਿਰ ਦੀ ਆਵਾਜਾਈ ਸਬੰਧੀ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੰਮੇ ਸਮੇਂ ਤੋਂ ਰੁਕੇ ਹੋਏ ਵਿਕਾਸ ਕਾਰਜਾਂ ਦੇ ਟੈਂਡਰ ਪਹਿਲਾਂ ਨਾਲੋਂ 30 ਫੀਸਦੀ ਘੱਟ ਰੇਟ ‘ਤੇ ਹੋਏ ਹਨ ਜੋ ਸਮੇਂ ਦੀ ਸਰਕਾਰ ਦੀ ਨੀਅਤ ਨੂੰ ਦਰਸਾਉਂਦਾ ਹੈ।
ਕੈਬਨਿਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਅੰਡਰ ਬਰਿੱਜ ਦੀ ਸੜਕ ਦੀ ਹਾਲਤ ਬਹੁਤ ਖ਼ਰਾਬ ਸੀ ਤੇ ਇਸ ਦੀ ਮੁਰੰਮਤ ਕਰਨਾ ਸਮੇਂ ਦੀ ਜ਼ਰੂਰਤ ਸੀ ਕਿਉਂਕਿ ਅੰਡਰ ਬ੍ਰਿਜ ਦੀ ਹਾਲਤ ਖਰਾਬ ਹੋਣ ਕਾਰਨ ਫਾਟਕ ਬੰਦ ਹੋਣ ‘ਤੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਅੱਜ ਫਾਟਕ ਤੋਂ ਲੈ ਕੇ ਅੰਡਰ ਬ੍ਰਿਜ ਤੱਕ ਬਣਨ ਵਾਲੀ ਸੀਸੀ ਫਲੋਰਿੰਗ ਸੜਕ ਦੇ ਨਾਲ-ਨਾਲ ਅੰਡਰ ਬ੍ਰਿਜ ਦੀਆਂ ਸੜਕਾਂ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਮੁੱਖ ਮੰਤਰੀ ਵੱਲੋਂ ਹਥਿਆਰਾਂ ਵਾਲੇ ਗੀਤਾਂ ‘ਤੇ ਕਾਰਵਾਈ ਕਰਨ ‘ਤੇ ਕੈਬਿਨੇਟ ਮੰਤਰੀ ਡਾ. ਵਿਜੈ ਸਿੰਗਲਾ ਨੇ ਕਿਹਾ ਕੀ ਪੰਜਾਬ ਦੇ ਖਰਾਬ ਹੋਏ ਸੱਭਿਆਚਾਰ ਲਈ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਨਸ਼ਿਆਂ ਅਤੇ ਹਥਿਆਰਾਂ ਨੂੰ ਗਾਣਿਆਂ ਤੇ ਫ਼ਿਲਮਾਂ ਰਾਹੀਂ ਵਧਾਵਾ ਦਿੱਤਾ ਹੈ, ਜਿਸ ਦਾ ਨੌਜਵਾਨ ਪੀੜ੍ਹੀ ‘ਤੇ ਅਸਰ ਪਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਨੌਜਵਾਨਾਂ ਦੀ ਚਿੰਤਾ ਹੈ ਕਿਉਂਕਿ ਸਾਡੇ ਸਾਰੇ ਹੀ ਨੁਮਾਇੰਦੇ ਆਮ ਘਰਾਂ ਨਾਲ ਸਬੰਧਤ ਹਨ ਤੇ ਸਾਨੂੰ ਆਮ ਘਰਾਂ ਦੀਆਂ ਸਮੱਸਿਆਂਵਾਂ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਇਹ ਹੁਕਮ ਜਾਰੀ ਕੀਤੇ ਗਏ ਹਨ।