ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਅਹਿਮ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਤਾਇਨਾਤ ਉਹਨਾਂ ਦੇ ਦੇਸ਼ ਦੇ ਮਿਲਟਰੀ ਅਫਸਰ 31 ਅਗਸਤ ਦੀ ਸਮੇਂ ਸੀਮਾ ਖ਼ਤਮ ਹੋਣ ਦੇ ਬਾਅਦ ਵੀ ਉੱਥੇ ਰਹਿਣਗੇ। ਇਸ ਤੋਂ ਪਹਿਲਾਂ ਅਮਰੀਕਾ ਦੀ ਸਰਕਾਰ ਤੇ ਤਾਲਿਬਾਨ ਵਿਚਕਾਰ 31 ਅਗਸਤ ਤੱਕ ਬਚਾਅ ਮੁਹਿੰਮ ਨੂੰ ਪੂਰਾ ਕਰ ਲੈਣ ‘ਤੇ ਸਹਿਮਤੀ ਜਤਾਈ ਗਈ ਸੀ। ਇਸ ਦਾ ਮਤਲਬ ਹੈ ਕਿ ਅਮਰੀਕੀ ਫ਼ੌਜਾਂ 31 ਅਗਸਤ ਤੋਂ ਬਾਅਦ ਅਫਗਾਨਿਸਤਾਨ ਤੋਂ ਵਾਪਸੀ ਕਰ ਸਕਦੀਆਂ ਹਨ।
ਇਸੇ ਦੌਰਾਨ ਟਰੂਡੋ ਨੇ ਕਿਹਾ ਕਿ ਅਸੀਂ ਤਾਲਿਬਾਨ ‘ਤੇ ਦਬਾਅ ਬਣਾਉਂਦੇ ਰਹਾਂਗੇ ਕਿ ਉਹ ਲੋਕਾਂ ਨੂੰ ਉੱਥੋ ਜਾਣ ਦੀ ਇਜਾਜ਼ਤ ਦੇਣਾ ਜਾਰੀ ਰੱਖੇ। ਸਾਡੀ ਇਹ ਵਚਨਬੱਧਤਾ ਹੈ ਕਿ ਮੌਜੂਦਾ ਦੌਰ ਵਿਚ ਅਫਗਾਨਿਸਤਾਨ ਦਾ ਖਾਤਮਾ ਨਾ ਹੋਵੇ। ਅਸੀਂ ਰੋਜ਼ਾਨਾ ਅਧਿਕਾਰਤ ਲੋਕਾਂ ਨੂੰ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਉੱਥੋਂ ਕੱਢਣ ਦੀ ਕੋਸ਼ਿਸ਼ ਕਰਦੇ ਰਹਾਂਗੇ।
ਟਰੂਡੋ ਦਾ ਬਿਆਨ ਜੀ-7 ਦੀ ਮੰਗਲਵਾਰ ਨੂੰ ਹੋਈ ਬੈਠਕ ਦੇ ਬਾਅਦ ਆਇਆ ਹੈ ਜਿਸ ਵਿਚ ਨੇਤਾਵਾਂ ਨੇ 31 ਅਗਸਤ ਦੀ ਸਮੇਂ ਸੀਮਾ ਨੂੰ ਅੱਗੇ ਵਧਾਉਣ ‘ਤੇ ਚਰਚਾ ਕੀਤੀ। ਇਸੇ ਦਿਨ ਅਮਰੀਕੀ ਸੈਨਾ ਦੀ ਵਾਪਸੀ ਅਤੇ ਬਚਾਅ ਮੁਹਿੰਮ ਨੂੰ ਬੰਦ ਕਰਨ ‘ਤੇ ਤਾਲਿਬਾਨ ਦਾ ਜ਼ੋਰ ਅਤੇ ਅਮਰੀਕਾ ਦੀ ਸਹਿਮਤੀ ਹੈ। ਜਦਕਿ ਅਮਰੀਕਾ ਸਮੇਤ ਹੋਰ ਨਾਟੋ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਅਤੇ ਉਹਨਾਂ ਨਾਲ ਜੁੜੇ ਅਫਗਾਨ ਨਾਗਿਰਕਾਂ ਨੂੰ ਬਾਹਰ ਕੱਢਣ ਲਈ ਏਅਰਲਿਫਟ ਮੁਹਿੰਮ ਚਲਾ ਰਹੀ ਹੈ। ਸੋਮਵਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਤੱਕ ਹਾਲਾਤ ਸਾਥ ਦੇਣਗੇ, ਕੈਨੇਡਾ ਬਚਾਅ ਮੁਹਿੰਮ ਦੀਆਂ ਉਡਾਣਾਂ ਸੰਚਾਲਿਤ ਕਰਦਾ ਰਹੇਗਾ।