ਕੈਨੇਡਾ ਵਿਚ ਅਮਰਜੀਤ ਸੋਹੀ ਐਡਮਿੰਟਨ ਅਤੇ ਜੋਤੀ ਗੌਂਡੇਕ ਕੈਲਗਰੀ ਦੇ ਮੇਅਰ ਚੁਣੇ ਗਏ ਹਨ। ਇਹ ਦੋਵੇਂ ਪਹਿਲੇ ਭਾਰਤੀ ਮੂਲ ਦੇ ਆਗੂ ਹਨ ਜੋ ਅਲਬਰਟਾ ਦੇ ਦੋ ਪ੍ਰਮੁੱਖ ਸ਼ਹਿਰਾਂ ਦੇ ਮੇਅਰ ਚੁਣੇ ਗਏ ਹਨ। ਅਮਰਜੀਤ ਸੋਹੀ ਪਹਿਲੇ ਪੰਜਾਬੀ ਹਨ ਜੋ ਐਡਮਿੰਟਨ ਦਾ ਮੇਅਰ ਚੁਣੇ ਜਾਣ ਤੋ ਪਹਿਲਾਂ ਕੌਂਸਲਰ ਅਤੇ ਫੈਡਰਲ ਮੰਤਰੀ ਵੀ ਰਹਿ ਚੁੱਕੇ ਹਨ।
ਇਸ ਦੇ ਨਾਲ ਹੀ ਪੰਜਾਬੀ ਮੂਲ ਦੀ ਜੋਤੀ ਗੋਂਡੇਕ ਕੈਲਗਰੀ ਦੀ ਮੇਅਰ ਵਜੋਂ ਸੇਵਾ ਕਰਨ ਵਾਲੀ ਨਾ ਸਿਰਫ ਪਹਿਲੀ ਭਾਰਤੀ ਮਹਿਲਾ ਹੋਵੇਗੀ ਸਗੋਂ ਇੱਥੇ ਚੁਣੀ ਜਾਣ ਵਾਲੀ ਪਹਿਲੀ ਔਰਤ ਵੀ ਹੋਵੇਗੀ। 2017 ਵਿਚ ਉਹਨਾਂ ਨੇ ਰਾਜਨੀਤੀ ਵਿਚ ਕਦਮ ਰੱਖਿਆ, ਜਦੋਂ ਉਹ ਸਿਟੀ ਕੌਂਸਲ ਵਿੱਚ ਚਾਰ ਨਵੇਂ ਆਏ ਲੋਕਾਂ ਦੇ ਸਮੂਹ ਵਿੱਚ ਸ਼ਾਮਲ ਸੀ।
ਗੌਂਡੇਕ ਦਾ ਜਨਮ ਯੂਕੇ ਵਿੱਚ ਭਾਰਤੀ ਮੂਲ ਦੇ ਪਰਿਵਾਰ ਵਿੱਚ ਹੋਇਆ ਸੀ ਅਤੇ ਜਦੋਂ ਉਹ ਛੋਟੀ ਸੀ, ਉਦੋਂ ਪਰਿਵਾਰ ਸਮੇਤ ਕੈਨੇਡਾ ਆ ਗਈ ਅਤੇ ਇੱਥੇ ਉਹ ਮੈਨੀਟੋਬਾ ਵਿੱਚ ਸੈਟਲ ਹੋ ਗਈ। ਬਾਅਦ ਵਿੱਚ ਉਹ ਆਪਣੇ ਪਤੀ ਦੇ ਨਾਲ ਕੈਲਗਰੀ ਚਲੀ ਗਈ, ਜਿੱਥੇ ਉਹਨਾਂ ਨੇ ਮਾਰਕੀਟਿੰਗ ਵਿੱਚ ਕੰਮ ਕੀਤਾ, ਇੱਕ ਸਲਾਹਕਾਰ ਫਰਮ ਚਲਾਈ ਅਤੇ ਯੂਨੀਵਰਸਿਟੀ ਆਫ਼ ਕੈਲਗਰੀ ਦੇ ਵੈਸਟਮੈਨ ਸੈਂਟਰ ਫਾਰ ਰੀਅਲ ਅਸਟੇਟ ਸਟੱਡੀਜ਼ ਦੇ ਡਾਇਰੈਕਟਰ ਵਜੋਂ ਸੇਵਾ ਨਿਭਾਈ।
ਜੋਤੀ ਗੌਂਡੇਕ ਦੇ ਇਲਾਵਾ ਅਮਰਜੀਤ ਸੋਹੀ ਜੋ ਸਾਬਕਾ ਸਿਟੀ ਕੌਂਸਲਰ ਸਨ ਅਤੇ ਸ਼ਹਿਰ ਵਿੱਚ ਬੱਸ ਡਰਾਈਵਰ ਵਜੋਂ ਵੀ ਕੰਮ ਕਰਦੇ ਸਨ, ਐਡਮਿੰਟਨ ਦੇ ਅਗਲੇ ਮੇਅਰ ਚੁਣੇ ਗਏ ਹਨ। ਭਾਰਤ ਤੋਂ ਗੈਰ ਪ੍ਰਵਾਸੀ ਦੇ ਤੌਰ ‘ਤੇ ਆਏ 57 ਸਾਲਾ ਸੋਹੀ ਸ਼ਹਿਰ ਦੇ ਪਹਿਲੇ ਗੈਰ ਗੋਰੇ ਮੇਅਰ ਹੋਣਗੇ। ਸੋਹੀ ਆਪਣੇ ਵੱਡੇ ਭਰਾ ਦੁਆਰਾ ਸਪਾਂਸਰ ਹੋਣ ਤੋਂ ਬਾਅਦ 18 ਸਾਲ ਦੀ ਉਮਰ ਵਿੱਚ 1982 ਵਿੱਚ ਐਡਮਿੰਟਨ ਆਏ ਸਨ। ਉਹਨਾਂ ਨੇ ਇਸ ਤੋਂ ਪਹਿਲਾਂ 2007 ਤੋਂ 2015 ਤੱਕ ਐਡਮਿੰਟਨ ਸਿਟੀ ਕੌਂਸਲਰ ਵਜੋਂ ਸੇਵਾ ਨਿਭਾਈ ਸੀ।ਐਡਮਿੰਟਨ ਮਿਲ ਵੁਡਸ ਲਈ ਸੰਸਦ ਦੇ ਲਿਬਰਲ ਮੈਂਬਰ ਵਜੋਂ ਚੁਣੇ ਜਾਣ ਤੋਂ ਬਾਅਦ ਆਪਣੀ ਸੀਟ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਤਿੰਨ ਚੋਣਾਂ ਜਿੱਤੀਆਂ ਸਨ।
ਸੋਹੀ ਨੇ 2015 ਤੋਂ ਲੈ ਕੇ 2019 ਦੀਆਂ ਚੋਣਾਂ ਵਿੱਚ ਹਾਰਨ ਤੱਕ ਇਸ ਅਹੁਦੇ ‘ਤੇ ਸੇਵਾ ਨਿਭਾਈ ਅਤੇ ਕੈਬਨਿਟ ਵਿੱਚ ਬੁਨਿਆਦੀ ਢਾਂਚੇ ਅਤੇ ਭਾਈਚਾਰਿਆਂ ਦੇ ਨਾਲ ਨਾਲ ਕੁਦਰਤੀ ਸਰੋਤਾਂ ਸਮੇਤ ਪ੍ਰਮੁੱਖ ਵਿਭਾਗਾਂ ਦਾ ਸੰਚਾਲਨ ਕੀਤਾ।