ਕੇਂਦਰ ਸਰਕਾਰ ਨੇ ਪੋਸਟਮਾਰਟਮ ਸੰਬੰਧੀ ਇੱਕ ਅਹਿਮ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਨੂੰ ਖ਼ਤਮ ਕਰਦੇ ਹੋਏ ਲੋੜੀਂਦੀਆਂ ਮੁੱਢਲੀਆਂ ਸਹੂਲਤਾਂ ਵਾਲੇ ਹਸਪਤਾਲਾਂ ’ਚ ਦਿਨ ਡੁੱਬਣ ਤੋਂ ਬਾਅਦ ਵੀ ਪੋਸਟਮਾਰਟਮ ਕਰਨ ਦੀ ਸੋਮਵਾਰ ਨੂੰ ਇਜਾਜ਼ਤ ਦੇ ਦਿੱਤੀ ਹੈ। ਪਰ ਇਨ੍ਹਾਂ ’ਚ ਹੱਤਿਆ, ਆਤਮਹੱਤਿਆ, ਕੱਟੀਆਂ-ਵੱਢੀਆਂ ਲਾਸ਼ਾਂ ਅਤੇ ਸ਼ੱਕੀ ਹਾਲਤ ’ਚ ਹੋਈ ਮੌਤ ਦੇ ਮਾਮਲੇ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਇਸ ਸੰਬੰਧੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ‘ਚ ਲਿਖਿਆ, ‘ਅੰਗਰੇਜ਼ਾਂ ਦੇ ਸਮੇਂ ਦੀ ਵਿਵਸਥਾ ਖਤਮ! 24 ਘੰਟੇ ਹੋ ਸਕੇਗਾ ਪੋਸਟਮਾਰਟਮ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਸ਼ਾਸਨ ਦੇ ਵਿਚਾਰ ਨੂੰ ਅੱਗੇ ਵਧਾਉਂਦੇ ਹੋਏ ਸਿਹਤ ਮੰਤਰਾਲਾ ਨੇ ਫ਼ੈਸਲਾ ਕੀਤਾ ਹੈ ਕਿ ਜਿਨ੍ਹਾਂ ਹਸਪਤਾਲਾਂ ’ਚ ਰਾਤ ਨੂੰ ਵੀ ਪੋਸਟਮਾਰਟਮ ਕਰਨ ਦੀ ਸਹੂਲਤ ਹੈ, ਉਹ ਹੁਣ ਸੂਰਜ ਡੁੱਬਣ ਤੋਂ ਬਾਅਦ ਵੀ ਪੋਸਟਮਾਰਟਮ ਕਰ ਸਕਣਗੇ।’’
अंग्रेजो के समय की व्यवस्था खत्म!
24 घंटे हो पाएगा Post-mortem
PM @NarendraModi जी के ‘Good Governance’ के विचार को आगे बढ़ाते हुए, स्वास्थ्य मंत्रालय ने निर्णय लिया है कि जिन हॉस्पिटल के पास रात को Post-mortem करने की सुविधा है वो अब सूर्यास्त के बाद भी Post-mortem कर पाएँगे।
— Dr Mansukh Mandaviya (@mansukhmandviya) November 15, 2021
ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਸ ਸੰਬੰਧ ’ਚ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਜਿਨ੍ਹਾਂ ਹਸਪਤਾਲਾਂ ’ਚ ਲੋੜੀਂਦਾ ਬੁਨਿਆਦੀ ਢਾਂਚਾ ਮੌਜੂਦ ਹੈ, ਉੱਥੇ ਸੂਰਜ ਡੁੱਬਣ ਤੋਂ ਬਾਅਦ ਵੀ ਪੋਸਟਮਾਰਟਮ ਕੀਤਾ ਜਾ ਸਕਦਾ ਹੈ। ਇਸ ਨਾਲ ਹਾਦਸੇ ’ਚ ਮਾਰੇ ਗਏ ਵਿਅਕਤੀ ਦੀ ਲਾਸ਼ ਨੂੰ ਉਸ ਦੇ ਪਰਿਵਾਰ ਨੂੰ ਸੌਂਪਣ ਦੀ ਪ੍ਰਕਿਰਿਆ ਸਰਲ ਹੋਵੇਗੀ। ਇਸ ਤੋਂ ਇਲਾਵਾ ਜੋ ਵਿਅਕਤੀ ਅੰਗਦਾਨ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀ ਸਹੂਲਤ ਹੋਵੇਗੀ।
ਇਹ ਨੋਟੀਫਿਕੇਸ਼ਨ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਸਿਹਤ ਮੰਤਰਾਲਾ ਨੇ ਕਿਹਾ ਕਿ ਇਸ ਸੰਬੰਧ ’ਚ ਸਰਕਾਰ ਨੂੰ ਲਗਾਤਾਰ ਮੰਗ-ਪੱਤਰ ਪ੍ਰਾਪਤ ਹੋ ਰਹੇ ਸਨ। ਇਸ ’ਤੇ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਦੀ ਤਕਨੀਕੀ ਕਮੇਟੀ ਨੇ ਵਿਸਥਾਰਤ ਤੌਰ ’ਤੇ ਸਲਾਹ-ਮਸ਼ਵਰਾ ਕੀਤਾ। ਇਸ ਦੌਰਾਨ ਪਾਇਆ ਗਿਆ ਕਿ ਕੁਝ ਸੰਸਥਾਨ ਵਿਸ਼ੇਸ਼ ਹਾਲਾਤਾਂ ’ਚ ਸੂਰਜ ਡੁੱਬਣ ਤੋਂ ਬਾਅਦ ਵੀ ਪੋਸਟਮਾਰਟਮ ਕਰ ਰਹੇ ਹਨ। ਕਮੇਟੀ ਨੇ ਕਿਹਾ ਕਿ ਜਿਨ੍ਹਾਂ ਹਸਪਤਾਲਾਂ ’ਚ ਮੁੱਢਲੀਆਂ ਸਹੂਲਤਾਂ ਹਨ, ਉਥੇ ਰਾਤ ਨੂੰ ਪੋਸਟਮਾਰਟਮ ਕੀਤਾ ਜਾ ਸਕਦਾ ਹੈ। ਇਸ ਸਬੰਧ ’ਚ ਸਾਰੀਆਂ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਪ੍ਰਸ਼ਾਸਨਾਂ ਤੇ ਸਬੰਧਤ ਸੰਸਥਾਨਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਲੋੜੀਂਦੇ ਬਦਲਾਅ ਕਰਨ ਨੂੰ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਪ੍ਰੋਟੋਕਾਲ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਸ਼ੱਕ ਨੂੰ ਦੂਰ ਕਰਨ ਲਈ ਪੂਰੀ ਰਾਤ ਸਾਰੇ ਪੋਸਟਮਾਰਟਮ ਲਈ ਵੀਡੀਓ ਰਿਕਾਰਡਿੰਗ ਕੀਤੀ ਜਾਵੇਗੀ ਅਤੇ ਇਹ ਕਾਨੂੰਨੀ ਮਕਸਦਾਂ ਲਈ ਭਵਿੱਖ ਦੇ ਸੰਬੰਧ ’ਚ ਸੁਰੱਖਿਅਤ ਰੱਖੀ ਜਾਵੇਗੀ। ਮੰਤਰਾਲਾ ਨੇ ਕਿਹਾ ਕਿ ਹਾਲਾਂਕਿ ਹੱਤਿਆ, ਆਤਮਹੱਤਿਆ, ਜਬਰ-ਜ਼ਨਾਹ, ਕੱਟੇ-ਵੱਢੇ ਸਰੀਰ ਅਤੇ ਸ਼ੱਕੀ ਸ਼੍ਰੇਣੀਆਂ ਦੇ ਮਾਮਲਿਆਂ ਨੂੰ ਉਦੋਂ ਤੱਕ ਰਾਤ ਦੇ ਸਮੇਂ ਪੋਸਟਮਾਰਟਮ ਲਈ ਨਹੀਂ ਰੱਖਿਆ ਜਾਣਾ ਚਾਹੀਦਾ ਜਦ ਤੱਕ ਕਿ ਕਾਨੂੰਨ ਵਿਵਸਥਾ ਨਾਲ ਜੁੜੀ ਕੋਈ ਸਥਿਤੀ ਨਾ ਹੋਵੇ।