ਨਵੀਂ ਦਿੱਲੀ – ਕੇਂਦਰੀ ਵਿੱਤ ਮੰਤਰਾਲੇ ਨੇ ਇਨਫੋਸਿਸ ਦੇ ਐਮ.ਡੀ. ਅਤੇ ਸੀ.ਈ.ਓ. ਸਲਿਲ ਪਾਰੇਖ ਨੂੰ ਸੰਮਨ ਭੇਜਿਆ ਹੈ। ਸੰਮਨ ਵਿੱਚ ਉਨ੍ਹਾਂ ਨੂੰ ਇਨਕਮ ਟੈਕਸ ਦੇ ਈ- ਫਾਈਲਿੰਗ ਪੋਰਟਲ ਨੂੰ ਆਪਰੇਟ ਕਰਨ ਵਿਚ ਆ ਰਹੀਆਂ ਦਿੱਕਤਾਂ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਸੰਮਨ ਵਿੱਚ ਲਿਖਿਆ ਗਿਆ ਹੈ ਕਿ ਸਲਿਲ ਪਾਰੇਖ ਨੂੰ 23 ਅਗਸਤ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਦੱਸਣਾ ਪਵੇਗਾ ਕਿ ਈ- -ਫਾਈਲਿੰਗ ਪੋਰਟਲ ਵਿੱਚ ਗੜਬੜੀ ਢਾਈ ਮਹੀਨੇ ਬੀਤ ਜਾਣ ਦੇ ਬਾਅਦ ਵੀ ਕਿਉਂ ਜਾਰੀ ਹੈ।
ਇਸ ਰਾਹੀਂ ਇਹ ਜਾਣਕਾਰੀ ਮੰਗੀ ਗਈ ਹੈ ਕਿ ਇੰਨੇ ਦਿਨਾਂ ਬਾਅਦ ਵੀ ਈ-ਫਾਈਲਿੰਗ ਨਾਲ ਜੁੜੀਆਂ ਦਿੱਕਤਾਂ ਅਜੇ ਤੱਕ ਸੁਧਾਰੀਆਂ ਕਿਉਂ ਨਹੀਂ ਜਾ ਸਕੀਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ। ਇਸ ਕਾਰਨ ਟੈਕਸਦਾਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 21 ਅਗਸਤ ਤੋਂ, ਇਹ ਪੋਰਟਲ ਟੈਕਸਦਾਤਿਆਂ ਲਈ ਉਪਲੱਬਧ ਨਹੀਂ ਹੈ ਕਿਉਂਕਿ ਇਸ ਵਿੱਚ ਕੁਝ ਤਕਨੀਕੀ ਖਾਮੀਆਂ ਦੱਸੀਆਂ ਜਾ ਰਹੀਆਂ ਹਨ।
ਈ–ਫਾਈਲਿੰਗ ਪੋਰਟਲ ਦੇ ਲਾਂਚ ਹੋਣ ਤੋਂ ਬਾਅਦ, ਬਹੁਤ ਸਾਰੀਆਂ ਤਕਨੀਕੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਇਸ ਨਾਲ ਟੈਕਸ ਦਾਤਾਵਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁੱਦੇ ਨੂੰ ਸੰਸਦ ਵਿੱਚ ਵੀ ਉਠਾਇਆ ਗਿਆ, ਜਿਸ ‘ਤੇ ਸਰਕਾਰ ਨੇ ਜਲਦੀ ਹੀ ਗੜਬੜੀ ਨੂੰ ਸੁਲਝਾਉਣ ਦਾ ਭਰੋਸਾ ਦਿੱਤਾ। ਕਿਹਾ ਜਾ ਰਿਹਾ ਹੈ ਕਿ ਈ-ਫਾਈਲਿੰਗ ਪੋਰਟਲ ‘ਤੇ 90 ਵੱਖ-ਵੱਖ ਪ੍ਰਕਾਰ ਦੀਆਂ ਸਮੱਸਿਆਵਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਜਲਦੀ ਠੀਕ ਕਰਨ ਦੀ ਜ਼ਰੂਰਤ ਹੈ। ਇਸ ਪੋਰਟਲ ਦਾ ਕੰਮ ਦੇਸ਼ ਦੀ ਮਸ਼ਹੂਰ ਆਈ.ਟੀ. ਕੰਪਨੀ ਇਨਫੋਸਿਸ ਨੂੰ ਦਿੱਤਾ ਗਿਆ ਹੈ।