ਨਵੀਂ ਦਿੱਲੀ : ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਦਸੰਬਰ ਮਹੀਨੇ ਤੱਕ ਦੇਸ਼ ‘ਚ ਕੋਰੋਨਾ ਵੈਕਸੀਨੇਸ਼ਨ ਦਾ ਕੰਮ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਵੈਕਸੀਨ ਦੇ ਬਾਰੇ ‘ਚ ਪਿਛਲੇ ਹਫ਼ਤੇ ਸਿਹਤ ਵਿਭਾਗ ਨੇ ਵਿਸਤਾਰ ‘ਚ ਜਾਣਕਾਰੀ ਦਿੱਤੀ ਸੀ। ਵਿਭਾਗ ਵੱਲੋਂ ਦੱਸਿਆ ਗਿਆ ਸੀ ਕਿ ਦਸੰਬਰ ਤੱਕ 216 ਕਰੋੜ ਵੈਕਸੀਨ ਡੋਜ਼ ਮੌਜੂਦ ਹੋਵੇਗੀ। ਯਾਨੀ 108 ਕਰੋੜ ਲੋਕਾਂ ਦੇ ਵੈਕਸੀਨੇਸ਼ਨ ਦਾ ਪੂਰਾ ਖਾਕਾ ਪੇਸ਼ ਕੀਤਾ ਗਿਆ ਸੀ। ਵਿਭਾਗ ਨੇ ਵੈਕਸੀਨ ਦੇ ਨਾਮ ਵੀ ਦੱਸੇ ਸਨ।
ਕੋਵੀਸ਼ੀਲਡ, ਕੋਵੈਕਸੀਨ, ਨੋਵਾਵੈਕਸੀਨ, ਜੇਨੋਵਾ ਅਤੇ ਸਪੂਤਨਿਕ – ਵੀ ਦਾ ਜ਼ਿਕਰ ਕੀਤਾ ਗਿਆ ਸੀ। ਕੇਂਦਰੀ ਮੰਤਰੀ ਨੇ ਸਾਫ਼ ਕਿਹਾ ਹੈ ਕਿ ਦੇਸ਼ ‘ਚ ਵੈਕਸੀਨੇਸ਼ਨ ਦਾ ਪ੍ਰੋਗਰਾਮ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਪੂਰਾ ਕਰ ਲਿਆ ਜਾਵੇਗਾ। ਦਰਅਸਲ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਦੱਸ ਦਈਏ ਕਿ ਅੱਜ ਰਾਹੁਲ ਗਾਂਧੀ ਨੇ ਪ੍ਰੈਸ ਕਾਨਫਰੰਸ ‘ਚ ਕਿਹਾ, ਮੈਂ ਅਤੇ ਬਹੁਤ ਸਾਰੇ ਲੋਕਾਂ ਨੇ ਸਰਕਾਰ ਨੂੰ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਵਾਰਨਿੰਗ ਦਿੱਤੀ। ਕਈ ਵਾਰ ਅਸੀਂ ਸਰਕਾਰ ਨੂੰ ਸਲਾਹ ਵੀ ਦਿੱਤੀ ਪਰ ਸਰਕਾਰ ਨੇ ਸਾਡਾ ਮਜ਼ਾਕ ਉਡਾਇਆ।