ਭਾਰਤ ਸਰਕਾਰ ਨੇ ‘ਪੀਐੱਮ-ਦਕਸ਼ ਪੋਰਟਲ ਅਤੇ ਐਪ’ ਲਾਂਚ ਕਰ ਦਿੱਤਾ ਹੈ। ਇਸ ਦਾ ਉਦੇਸ਼ ਪੱਛੜੇ ਵਰਗ, ਅਨੁਸੂਚਿਤ ਜਾਤਾਂ ਤੇ ਸਫ਼ਾਈ ਮੁਲਾਜ਼ਮਾਂ ਲਈ ਹੁਨਰ ਵਿਕਾਸ ਯੋਜਨਾਵਾਂ ਨੂੰ ਆਸਾਨ ਬਣਾਉਣਾ ਹੈ। ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ‘ਪੀਐੱਮ ਦਕਸ਼’ ਪੋਰਟਲ ਅਤੇ ‘ਪੀਐੱਮ-ਦਕਸ਼’ ਮੋਬਾਈਲ ਐਪ ਨੂੰ ਲਾਂਚ ਕਰ ਦਿੱਤਾ ਹੈ।
ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰੀ ਨੇ 6 ਅਗਸਤ 2021 ਨੂੰ ਨਾਲੰਦਾ ਸਭਾਗਾਰ, ਡਾ. ਅੰਬੋਡਕਰ ਇੰਟਰਨੈਸ਼ਨਲ ਸੈਂਟਰ, ਦਿੱਲੀ ‘ਚ ਪੀਐੱਮ-ਦਕਸ਼ ਪੋਰਟਲ ਅਤੇ ਪੀਐੱਮ ਦਕਸ਼ ਮੋਬਾਈਲ ਐਪ ਲਾਂਚ ਕੀਤਾ ਹੈ।
ਜਾਣਕਾਰੀ ਅਨੁਸਾਰ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਵੱਲੋਂ ਸਾਲ 2020-21 ਤੋਂ ਪ੍ਰਧਾਨ ਮੰਤਰੀ ਦਕਸ਼ਤਾ ਅਤੇ ਕੁਸ਼ਲਤਾ ਸੰਪੰਨ ਹਿਤਗ੍ਰਾਹੀ (ਪੀਐੱਮ ਦਕਸ਼) ਯੋਜਨਾ ਲਾਗੂ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਯੋਗ ਸਮੂਹਾਂ ਨੂੰ ਹੁਨਰ ਵਿਕਾਸ ਟ੍ਰੇਨਿੰਗ ਪ੍ਰੋਗਰਾਮ, ਘੱਟ ਸਮੇਂ ਲਈ ਟ੍ਰੇਨਿੰਗ ਪ੍ਰੋਗਰਾਮ, ਲੰਬੇ ਸਮੇਂ ਲਈ ਟ੍ਰੇਨਿੰਗ ਪ੍ਰੋਗਰਾਮ ਅਤੇ ਸਨਅਤ ਡਿਵੈੱਲਪਮੈਂਟ ਪ੍ਰੋਗਰਾਮ ਮੁਹੱਈਆ ਕਰਵਾਏ ਜਾ ਰਹੇ ਹਨ ਜਿਸ ਵਿਚ ਪੀਐੱਮ ਦਕਸ਼ ਪੋਰਟਲ ਅਤੇ ਐਪ ਕਾਫੀ ਮਦਦਗਾਰ ਸਾਬਿਤ ਹੋਣਗੇ।
ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲੇ ਨੇ ਐੱਨਈਜੀਡੀ ਦੇ ਸਹਿਯੋਗ ਨਾਲ ਪੱਛੜੇ ਵਰਗਾਂ, ਅਨੁਸੂਚਿਤ ਜਾਤਾਂ ਤੇ ਸਫ਼ਾਈ ਮੁਲਾਜ਼ਮਾਂ ਦੇ ਟੀਚਾ ਗਰੁੱਪਾਂ ਲਈ ਹੁਨਰ ਵਿਕਾਸ ਯੋਜਨਾਵਾਂ ਨੂੰ ਆਸਾਨ ਬਣਾਉਣ ਲਈ ਇਸ ਪੋਰਟਲ ਅਤੇ ਐਪਸ ਨੂੰ ਵਿਕਸਤ ਕੀਤਾ ਹੈ। ਇਸ ਪਹਿਲ ਨਾਲ ਨੌਜਵਾਨ ਹੁਣ ਆਸਾਨੀ ਨਾਲ ਹੁਨਰ ਵਿਕਾਸ ਟ੍ਰੇਨਿੰਗ ਪ੍ਰੋਗਰਾਮਾਂ ਦਾ ਲਾਭ ਲੈ ਸਕਣਗੇ।
ਇਸ ਮੌਕੇ ਸਮਾਜਿਕ ਨਿਆਂ ਅਤੇ ਅਧਇਕਾਰਤਾ ਰਾਜ ਮੰਤਰੀ ਰਾਮਦਾਸ ਅਠਾਵਲੇ, ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਸਕੱਤਰ ਆਰ ਸੁਬਰਾਮਣੀਅਮ, ਏ ਨਾਰਾਇਣਸਵਾਮੀ ਤੇ ਪ੍ਰਤਿਭਾ ਭੌਮਿਕ ਮੌਜੂਦ ਰਹੇ।