ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਇੱਥੇ ਖੂਹ ‘ਚ ਡਿੱਗਣ ਕਾਰਨ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਬੁੱਧਵਾਰ ਦੇਰ ਰਾਤ ਇੱਕ ਵਿਆਹ ਦੇ ਪ੍ਰੋਗਰਾਮ ਵਿੱਚ ਇੱਕ ਖੂਹ ਦੀ ਸਲੈਬ ਉੱਤੇ ਵੱਡੀ ਗਿਣਤੀ ਵਿੱਚ ਲੋਕ ਬੈਠੇ ਸਨ ਅਤੇ ਭਾਰੀ ਬੋਝ ਹੋਣ ਕਾਰਨ ਸਲੈਬ ਟੁੱਟੀ ਗਈ। ਜਿਸ ਕਾਰਨ ਸਲੈਬ ਉੱਤੇ ਬੈਠੇ ਲੋਕਾਂ ਵਿੱਚੋਂ 22 ਜਾਣੇ ਖੂਹ ਵਿੱਚ ਡਿੱਗ ਗਏ। ਜਿਸ ਵਿੱਚ 9 ਬੱਚਿਆਂ ਸਮੇਤ 13 ਜਾਣਿਆਂ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹਨ।
ਇਸ ਸਬੰਧੀ ਗੋਰਖਪੁਰ ਜ਼ੋਨ ਦੇ ਏਡੀਜੀ ਅਖਿਲ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ, “13 ਔਰਤਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਕਰੀਬ 8.30 ਵਜੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਵਿੱਚ ਵਾਪਰੀ। ਇਹ ਘਟਨਾ ਇੱਕ ਵਿਆਹ ਪ੍ਰੋਗਰਾਮ ਦੌਰਾਨ ਵਾਪਰੀ, ਜਿਸ ਵਿੱਚ ਕੁਝ ਲੋਕ ਖੂਹ ਦੀ ਸਲੈਬ ਉੱਤੇ ਬੈਠੇ ਸਨ। ਭਾਰੀ ਬੋਝ ਕਾਰਨ ਸਲੈਬ ਟੁੱਟ ਗਈ। ਵਿਆਹ ਪ੍ਰੋਗਰਾਮ ਨੂੰ ਦੇਖਣ ਲਈ ਭਾਰੀ ਇਕੱਠ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਦੀਆਂ ਔਰਤਾਂ ਪਿੰਡ ਦੇ ਖੂਹ ਦੀ ਸਲੈਬ ਉੱਤੇ ਖੜੀਆਂ ਸਨ। ਇਸ ਦੌਰਾਨ ਵੱਡੀ ਗਿਣਤੀ ‘ਚ ਬੱਚੇ ਵੀ ਉਨ੍ਹਾਂ ਦੇ ਨਾਲ ਸਨ। ਸਲੈਬ ਪੁਰਾਣੀ ਹੋਣ ਕਾਰਨ ਅਚਾਨਕ ਟੁੱਟ ਗਈ ਅਤੇ ਉਸ ‘ਤੇ ਖੜ੍ਹੀਆਂ ਔਰਤਾਂ ਅਤੇ ਲੜਕੀਆਂ ਖੂਹ ‘ਚ ਡਿੱਗ ਗਈਆਂ। ਖੂਹ ‘ਚ ਡਿੱਗਣ ਤੋਂ ਬਾਅਦ ਰੌਲਾ ਪੈ ਗਿਆ, ਜਿਸ ‘ਤੇ ਮੌਕੇ ‘ਤੇ ਪਹੁੰਚੇ ਪਿੰਡ ਵਾਸੀ ਬਚਾਅ ਕਾਰਜ ‘ਚ ਜੁੱਟ ਗਏ। ਸੂਚਨਾ ਮਿਲਣ ‘ਤੇ ਥਾਣਾ ਨੈਬੂਆ ਨੌਰੰਗੀਆ ਦੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ, ਜਿਨ੍ਹਾਂ ਨੇ ਬਚਾਅ ਕਾਰਜ ਕਰਦੇ ਹੋਏ ਕਈ ਲੋਕਾਂ ਨੂੰ ਬਚਾ ਲਿਆ ਪਰ ਖੂਹ ‘ਚ ਡੁੱਬਣ ਕਾਰਨ 13 ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਇਸ ਘਟਨਾ ਨੂੰ ਲੈ ਕੇ ਪਿੰਡ ਵਾਸੀਆਂ ਨੂੰ ਕਾਫੀ ਰੋਸ ਹੈ। ਉਨ੍ਹਾਂ ਨੇ ਸਿਹਤ ਵਿਭਾਗ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਸਮੇਂ ਸਿਰ ਇਲਾਜ ਅਤੇ ਐਂਬੂਲੈਂਸ ਮਿਲ ਜਾਂਦੀ ਤਾਂ ਕਈ ਲੋਕਾਂ ਦੀ ਜਾਨ ਬਚ ਸਕਦੀ ਸੀ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੇੜਲੇ ਕੋਟਵਾ ਸੀਐਚਸੀ ਵਿੱਚ ਨਾ ਤਾਂ ਡਾਕਟਰ ਮੌਜੂਦ ਸਨ ਅਤੇ ਨਾ ਹੀ ਸਮੇਂ ਸਿਰ ਐਂਬੂਲੈਂਸ ਪਹੁੰਚੀ। ਜ਼ਿਲ੍ਹਾ ਮੈਜਿਸਟ੍ਰੇਟ ਐੱਸ. ਰਾਜਲਿੰਗਮ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਹਰੇਕ ਮ੍ਰਿਤਕ ਦੇ ਵਾਰਿਸ ਨੂੰ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ।
ਇਸ ਘਟਨਾ ‘ਤੇ ਪੀਐੱਮ ਮੋਦੀ ਨੇ ਵੀ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਸ ਹਾਦਸੇ ‘ਚ ਆਪਣੀ ਜਾਨ ਗੁਆਈ ਹੈ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੇਰੀ ਸੰਵੇਧਨਾ ਹੈ। ਇਸ ਦੇ ਨਾਲ ਹੀ ਜ਼ਖ਼ਮੀ ਵਿਅਕਤੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।
उत्तर प्रदेश के कुशीनगर में हुआ हादसा हृदयविदारक है। इसमें जिन लोगों को अपनी जान गंवानी पड़ी है, उनके परिजनों के प्रति मैं अपनी गहरी संवेदनाएं व्यक्त करता हूं। इसके साथ ही घायलों के जल्द से जल्द स्वस्थ होने की कामना करता हूं। स्थानीय प्रशासन हर संभव मदद में जुटा है।
— Narendra Modi (@narendramodi) February 17, 2022
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਿਤਆਨਾਥ ਨੇ ਕੁਸ਼ੀਨਗਰ ਦੇ ਨੇਬੂਆ ਨੌਰੰਗੀਆ ਥਾਣਾ ਖੇਤਰ ਵਿੱਚ ਖੂਹ ਵਿੱਚ ਡਿੱਗਣ ਨਾਲ ਹੋਏ ਹਾਦਸੇ ਵਿੱਚ ਲੋਕਾਂ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਦੇ ਦਫਤਰ ਨੇ ਟਵੀਟ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਬਚਾਅ ਅਤੇ ਰਾਹਤ ਕਾਰਜਾਂ ਨੂੰ ਚਲਾਉਣ ਅਤੇ ਜ਼ਖਮੀਆਂ ਦਾ ਉਚਿਤ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।