ਕਿਸਾਨੀ ਕਰਜ਼ਿਆਂ ਬਾਰੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਕਾਂਗਰਸ ਦੇ ਧੋਖ਼ੇ ‘ਤੇ ਪੋਚਾ ਨਹੀਂ ਫੇਰ ਸਕਦੇ ਚੰਨੀ: ਕੁਲਤਾਰ ਸਿੰਘ ਸੰਧਵਾਂ

0
81

ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਮੁਕੰਮਲ ਕਰਜਾ ਮੁਆਫ਼ੀ ਤੋਂ ਭੱਜੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ: ‘ਆਪ’

ਕਿਹਾ, ਕਿਸਾਨੀ ਕਰਜ਼ਿਆਂ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਰੱਖਦੀ ਬਾਦਲ ਐਂਡ ਕੰਪਨੀ

ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਹੈ ਹੁਣ ਅੰਨਦਾਤਾ ਦੀ ਉਮੀਦ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਦੇ ਕਰਜ ਮੁਆਫ਼ੀ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜਿਆ ਹੈ। ਸੰਧਵਾਂ ਨੇ ਕਿਹਾ ਕਿ ਬਿਨਾਂ ਸ਼ੱਕ ਕਿਸਾਨਾਂ- ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਜ਼ਿੰਮੇਵਾਰੀ ਕੇਂਦਰ ਅਤੇ ਸੂਬਾ ਸਰਕਾਰ ਦੀ ਬਣਦੀ ਹੈ ਕਿਉਂਕਿ ਕਾਂਗਰਸ ਪਾਰਟੀ ਨੇ 2017 ਦੀਆਂ ਪੰਜਾਬ ‘ਚ ਚੋਣਾ ‘ਚ ਪੂਰਨ ਕਰਜ ਮੁਆਫ਼ੀ ਦਾ ਵਾਅਦਾ ਕੀਤਾ ਸੀ ਅਤੇ 2014 ਦੀਆਂ ਲੋਕ ਸਭਾ ਚੋਣਾ ਦੌਰਾਨ ਭਾਰਤੀ ਜਨਤਾ ਪਾਰਟੀ ਸਮੇਤ ਅਕਾਲੀ ਦਲ ਬਾਦਲ ਨੇ ਵੀ ਕਿਸਾਨਾਂ- ਮਜ਼ਦੂਰਾਂ ਦੇ ਸਾਰੇ ਤਰਾਂ ਦੇ ਕਰਜੇ ਮੁਆਫ਼ ਕਰਨ ਦਾ ਐਲਾਨ ਕੀਤਾ ਸੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਅਤੇ ਖੇਤ ਮਜਦੂਰਾਂ ਨੂੰ ਕਰਜਾ ਮੁਕਤ ਕੀਤੇ ਜਾਣ ਦੀ ਹਮੇਸਾ ਵਕਾਲਤ ਕਰਦੀ ਆਈ ਹੈ ਅਤੇ 2022 ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਕਿਸਾਨਾਂ- ਮਜ਼ਦੂਰਾਂ ਦੇ ਕਰਜੇ ਜ਼ਰੂਰ ਮੁਆਫ਼ ਕੀਤੇ ਜਾਣਗੇ।

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਕੇਂਦਰ ਅਤੇ ਪੰਜਾਬ ਸਰਕਾਰਾਂ ਦੀਆਂ ਕਿਸਾਨ ਅਤੇ ਖੇਤੀ ਵਿਰੋਧੀ ਨੀਤੀਆਂ ਕਾਰਨ ਅੱਜ ਸਮੁੱਚਾ ਖੇਤੀ ਸੈਕਟਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ । ਕਿਸਾਨ ਅਤੇ ਕਿਸਾਨਾਂ ਉੱਤੇ ਨਿਰਭਰ ਖੇਤ ਮਜਦੂਰ ਵਰਗ ਕਰਜੇ ਦੇ ਬੋਝ ਥੱਲੇ ਦੱਬ ਗਿਆ ਹੈ। ਕਿਸਾਨ ਅਤੇ ਖੇਤ ਮਜਦੂਰ ਡੇਢ ਲੱਖ ਕਰੋੜ ਤੋਂ ਵੱਧ ਦੇ ਕਰਜਈ ਹਨ, ਜੋ ਉਹਨਾਂ ਸੰਗਠਿਤ ਅਤੇ ਗੈਰ ਸੰਗਠਿਤ ਸੰਸਥਾਵਾਂ ਤੋਂ ਚੁੱਕਿਆ ਹੈ।”

ਸੰਧਵਾਂ ਨੇ ਦੱਸਿਆ ਕਿ 2017 ਦੀਆਂ ਚੋਣਾਂ ਲਈ ਕਾਂਗਰਸ ਨੇ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਸਾਨਾਂ ਦੇ ਸਮੁੱਚੇ ਕਰਜੇ ਉੱਤੇ ਲਕੀਰ ਮਾਰਨ ਦਾ ਵਾਅਦਾ ਕੀਤਾ ਸੀ। ਮੈਨੀਫੈਸਟੋ ‘ਚ ਲਿਖਤ ਵਾਅਦੇ ਦੇ ਨਾਲ ਨਾਲ ਕਿਸਾਨਾਂ ਕੋਲੋਂ ਬਕਾਇਦਾ ਕਰਜਾ ਮੁਆਫ਼ੀ ਫਾਰਮ ਉਸੇ ਤਰਾਂ ਭਰਵਾਏ ਗਏ ਸਨ, ਜਿਵੇਂ ਬੇਰੁਜ਼ਗਾਰ ਨੌਜਵਾਨਾਂ ਕੋਲੋਂ ਘਰ ਘਰ ਨੌਕਰੀ ਅਤੇ ਵਿਦਿਆਰਥੀਆਂ ਕੋਲੋਂ ਮੋਬਾਇਲ ਫੋਨਾਂ ਲਈ ਭਰਵਾਏ ਗਏ ਸਨ। ਬੇਰੁਜ਼ਗਾਰ ਨੌਜਵਾਨਾਂ ਵਾਂਗ ਭੋਲੇ-ਭਾਲੇ ਕਿਸਾਨਾਂ ਨੇ ਕਾਂਗਰਸ ਉੱਤੇ ਵਿਸਵਾਸ ਕਰਕੇ ਕਾਂਗਰਸ ਦੀ ਸਰਕਾਰ ਬਣਾਈ ਪ੍ਰੰਤੂ ਬਦਲੇ ਵਿੱਚ ਕਾਂਗਰਸ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਨੂੰ ਧੋਖ਼ਾ ਦਿੱਤਾ ਕਿਉਂਕਿ- ਪੌਣੇ ਪੰਜ ਸਾਲਾਂ ਵਿਚ ਕਾਂਗਰਸ ਦੀ ਸਰਕਾਰ ਨੇ ਸਰਕਾਰੀ ਅਤੇ ਸਰਕਾਰੀ ਬੈਂਕਾਂ ਦਾ ਵੀ ਕਰਜਾ ਮਾਫ ਨਹੀਂ ਕੀਤਾ, ਆੜਤੀਆਂ ਅਤੇ ਹੋਰ ਗੈਰ-ਸੰਗਠਤ ਖੇਤਰ ਦਾ ਕਰਜਾ ਮਾਫ ਕਰਨਾ ਤਾਂ ਦੂਰ ਦੀ ਗੱਲ ਹੋ ਗਈ। ਉਨਾਂ ਕਿਹਾ ਕਿ ਚੰਨੀ ਸਰਕਾਰ ਦੱਸੇ ਕਿ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਾਂਗਰਸ ਨੇ ਕੀਤਾ ਸੀ ਉਹ ਪੂਰਾ ਕਿਉਂ ਨਹੀਂ ਕੀਤਾ ਗਿਆ? ਅੱਜ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਉਹ ਕੀ ਸਾਬਤ ਕਰਨਾ ਚਾਹੁੰਦੇ ਹਨ? ਕੀ ਅਜਿਹੇ ਡਰਾਮੇ ਕਰ ਕੇ ਉਹ ਕਾਂਗਰਸ ਦੇ ਲਿਖਤੀ ਵਾਅਦਿਆਂ ਨੂੰ ਭੁਲਾ ਦੇਣਗੇ?

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਲੋਚਨਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਸੁਖਬੀਰ ਸਿੰਘ ਬਾਦਲ ਐਂਡ ਪਾਰਟੀ ਕੋਲ ਕਿਸਾਨਾਂ, ਕਿਸਾਨੀ ਕਰਜਅਿਾਂ ਅਤੇ ਖੇਤ ਮਜਦੂਰਾਂ ਬਾਰੇ ਕੁਝ ਵੀ ਕਹਿਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਪਿਛਲੇ ਤਿੰਨ ਦਹਾਕਿਆਂ ਦੇ ਕਾਲੇ ਦੌਰ ਵਿਚ 15 ਸਾਲ ਬਾਦਲਾਂ ਦੀ ਭਾਜਪਾ ਨਾਲ ਕੇਂਦਰ ਅਤੇ ਪੰਜਾਬ ‘ਚ ਸਾਂਝੀ ਸਰਕਾਰ ਰਹੀ ਹੈ। ਇਹ ਹੀ ਉਹ ਦੌਰ ਸੀ ਜਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ‘ਚ ਖੁਦਕੁਸ਼ੀਆਂ ਦਾ ਰੁਝਾਣ ਸਿਖ਼ਰਾਂ ਨੂੰ ਛੂਹਿਆ।

ਕੀ ਸੁਖਬੀਰ ਸਿੰਘ ਬਾਦਲ ਦੱਸਣਗੇ ਕਿ ਉਨਾਂ ਦੇ ਰਾਜ ਦੌਰਾਨ ਕਿਸਾਨਾਂ ਸਿਰ ਕਿੰਨਾ ਕਰਜਾ ਚੜਿਆ ਅਤੇ ਕਿੰਨਾ ਕਰਜਾ ਉਨਾਂ ਨੇ ਮੁਆਫ ਕੀਤਾ ? ਭਾਰਤੀ ਜਨਤਾ ਪਾਰਟੀ ਨਾਲ ਕੇਂਦਰ ਦੀ ਸੱਤਾ ਭੋਗਣ ਵਾਲੇ ਬਾਦਲ ਇਹ ਦੱਸਣ ਕਿ ਉਨਾਂ ਨੇ ਪੰਜਾਬ ਦੇ ਕਿਸਾਨਾਂ ਲਈ ਕੇਂਦਰ ਕੋਲੋਂ ਕਿਹੜੀਆਂ ਸੁਗਾਤਾਂ ਲਿਆਂਦੀਆਂ ਸਨ? ਸੁਖਬੀਰ ਸਿੰਘ ਬਾਦਲ ਐਡ ਪਾਰਟੀ ਨੂੰ ਦੱਸਣਾ ਪਵੇਗਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਪੰਜਾਬ ਦੇ ਕਿਸਾਨਾਂ ਦੀ ਕਰਜਾ ਮੁਆਫੀ ਲਈ ਕੋਈ ਵਿਸੇਸ ਪੈਕੇਜ ਕਿਉਂ ਨਹੀਂ ਲੈ ਕੇ ਆਏ? ਬਾਦਲ ਪਰਿਵਾਰ ਇਹ ਵੀ ਦੱਸਣ ਕਿ ਬਤੌਰ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਨੇ ਸੂਬੇ ‘ਚ ਕਿੰਨੇ ਫੂਡ ਪ੍ਰੋਸੈਸਿੰਗ ਯੂਨਿਟ ਲਿਆਂਦੇ?”

ਸੰਧਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਭਾਜਪਾ ਅਤੇ ਭਾਜਪਾ ਦੇ ਸਪੋਕਸਮੈਨ ਬਣੇ ਕੈਪਟਨ ਅਮਰਿੰਦਰ ਸਿੰਘ ਜਵਾਬ ਦੇਣ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਐਨ.ਡੀ.ਏ. ਵੱਲੋਂ 2014 ਦੀਆਂ ਚੋਣਾਂ ਤੋਂ ਪਹਿਲਾਂ ਦੇਸ ਦੇ ਕਿਸਾਨਾਂ ਨਾਲ ਕਰਜਾ ਮੁਆਫ਼ੀ ਦਾ ਕੀਤਾ ਵਾਅਦਾ ਸੱਤ ਸਾਲਾਂ ਬਾਅਦ ਵੀ ਵਫਾ ਕਿਉਂ ਨਹੀਂ ਹੋਇਆ? ਕੁਲਤਾਰ ਸਿੰਘ ਸੰਧਵਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਖ਼ਾਸ ਕਰਕੇ ਕਿਸਾਨਾਂ ਅਤੇ ਮਜਦੂਰਾਂ ਦੀ ਯਾਦਾਸਤ ਕਮਜੋਰ ਨਹੀ ਕੇ ਉਹ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਬਾਦਲ ਵੱਲੋਂ ਅੰਨਦਾਤਾ ਦੇ ਪਿੱਠ ਵਿੱਚ ਮਾਰੇ ਗਏ ਛੁਰੇ ਨੂੰ ਭੁੱਲ ਜਾਣਗੇ। ਉਨਾਂ ਦੋਸ਼ ਲਾਇਆ ਕਿ ਇਨਾਂ ਰਵਾਇਤੀ ਪਾਰਟੀਆਂ ਵੱਲੋਂ ਦੇਸ ਦੇ ਅੰਨਦਾਤਾ ਅਤੇ ਖੇਤ ਮਜਦੂਰ ਸਿਰਫ ਵੋਟਬੈਂਕ ਜਿਸ ਨੂੰ ਵੋਟਾਂ ਵਿੱਚ ਵਰਤ ਕੇ ਸੁੱਟ ਦਿੱਤਾ ਜਾਂਦਾ ਹੈ।

LEAVE A REPLY

Please enter your comment!
Please enter your name here