ਕਿਸਾਨਾਂ ਵੱਲੋਂ ਦੇਸ਼ ਦੇ ਸਾਰੇ ਜ਼ਿਲ੍ਹਾ ਤੇ ਤਹਿਸੀਲ ਹੈਡ-ਕੁਆਟਰਾਂ ‘ਤੇ ਕੱਲ੍ਹ ਕੀਤੇ ਜਾਣਗੇ ਰੋਸ ਪ੍ਰਦਰਸ਼ਨ

0
60

ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਕੇਂਦਰ-ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਸੂਬੇ ਭਰ ‘ਚ 100 ਤੋਂ ਵੱਧ ਥਾਵਾਂ ‘ਤੇ ਜਾਰੀ ਪੱਕੇ-ਧਰਨੇ ਅੱਜ 389ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਹੇ।

ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 26 ਅਕਤੂਬਰ ਨੂੰ ਦਿੱਲੀ ਮੋਰਚਿਆਂ ਦੇ 11 ਮਹੀਨੇ ਪੂਰੇ ਹੋ ਰਹੇ ਹਨ। ਇਸ ਦਿਨ ਲਈ ਸੰਯੁਕਤ ਕਿਸਾਨ ਮੋਰਚਾ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਮੋਰਚੇ ਨੇ ਸੱਦਾ ਦਿੱਤਾ ਹੈ ਕਿ 26 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਸਾਰੇ ਜਿਲ੍ਹਾ ਤੇ ਤਹਿਸੀਲ ਹੈਡ-ਕੁਆਟਰਾਂ ਉੱਪਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਜਿਨ੍ਹਾਂ ਵਿੱਚ ਅਜੈ ਮਿਸ਼ਰਾ ਟੇਨੀ ਦੀ ਬਰਖਾਸਤਗੀ ਅਤੇ ਗ੍ਰਿਫਤਾਰੀ ਦੀ ਮੰਗ ਕੀਤੀ ਜਾਵੇਗਾ। ਖਰਾਬ ਮੌਸਮ, ਸੌਣੀ ਦੀ ਫਸਲ ਦੀ ਕਟਾਈ ਅਤੇ ਹਾੜ੍ਹੀ ਦੀ ਬਿਜਾਈ ਦੇ ਮੱਦੇਨਜ਼ਰ ਲਖਨਊ ਕਿਸਾਨ ਮਹਾਂਪੰਚਾਇਤ ਹੁਣ  26 ਅਕਤੂਬਰ ਦੀ ਬਜਾਏ 22 ਨਵੰਬਰ ਨੂੰ ਕੀਤੀ ਜਾਵੇਗੀ।

ਕਿਸਾਨ ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਲਖੀਮਪੁਰ-ਖੇੜੀ ਦੇ ਸ਼ਹੀਦਾਂ ਦੀ ਅਸਥੀ ਕਲਸ਼ ਯਾਤਰਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ‘ਚ ਪਹੁੰਚੀ। ਮਾਝਾ, ਮਾਲਵਾ ਅਤੇ ਦੋਆਬਾ ਤਿੰਨੋੰ ਖੇਤਰਾਂ ‘ਚ ਅਲੱਗ ਅਲੱਗ ਯਾਤਰਾਵਾਂ ਕੱਢੀਆਂ ਗਈਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਆਪਣੀਆਂ ਜਾਬਰ ਕਪਟੀ ਫਿਰਕੂ ਚਾਲਾਂ ਦਾ ਖਹਿੜਾ ਛੱਡ ਕੇ ਕਿਸਾਨਾਂ ਦੀਆ ਬਿਲਕੁਲ ਹੱਕੀ ਮੰਗਾਂ ਨੂੰ ਪ੍ਰਵਾਨ ਕਰੇ। ਜਿਨ੍ਹਾਂ ਵਿੱਚ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ ਤੇ ਪਰਾਲ਼ੀ ਆਰਡੀਨੈਂਸ ਰੱਦ ਕਰਨਾ, ਲਾਭਕਾਰੀ ਐਮ ਐਸ ਪੀ ‘ਤੇ ਸਾਰੀਆਂ ਫ਼ਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ ਕਰਨਾ ਅਤੇ ਜਨਤਕ ਵੰਡ ਪ੍ਰਣਾਲੀ ਮਜ਼ਬੂਤ ਕਰਕੇ ਸਾਰੇ ਗਰੀਬਾਂ ਨੂੰ ਜਿਉਂਦੇ ਰਹਿਣ ਲਈ ਜ਼ਰੂਰੀ ਸਾਰੀਆਂ ਵਸਤਾਂ ਸਸਤੇ ਭਾਅ ਦੇਣ ਦੀ ਗਰੰਟੀ ਕਰਨਾ ਆਦਿ ਸ਼ਾਮਿਲ ਹਨ।

ਕਿਸਾਨ ਮੋਰਚੇ ਦੇ ਆਗੂਆਂ ਨੇ ਸਮੂਹ ਲੋਕਾਂ ਨੂੰ ਸੱਦਾ ਦਿੱਤਾ ਕਿ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈਂਦਿਆਂ ਸਾਮਰਾਜੀ ਕਾਰਪੋਰੇਟਾਂ ਦੀ ਚੌਕੀਦਾਰੀ ਕਰ ਰਹੀ ਮੋਦੀ ਹਕੂਮਤ ਦੀਆਂ ਜਾਬਰ ਤੇ ਫਿਰਕੂ ਸਾਜ਼ਿਸ਼ੀ ਚਾਲਾਂ ਨੂੰ ਪਹਿਲਾਂ ਵਾਂਗ ਮਿੱਟੀ ‘ਚ ਰੋਲ਼ਦਿਆਂ ਕਾਲ਼ੇ ਖੇਤੀ ਕਾਨੂੰਨਾਂ ਵਿਰੁੱਧ ਸੰਯੁਕਤ ਕਿਸਾਨ ਮੋਰਚੇ ਦੇ ਘੋਲ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕੀਤਾ ਜਾਵੇ।

ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਨਜਦੀਕੀ ਸਾਥੀ ਜੈਦੇਵ ਕਪੂਰ ਦਾ ਜਨਮ ਦਿਨ ਸੀ। ਅੱਜ ਦੇ ਦਿਨ ਸੰਨ 1908 ਵਿੱਚ ਜਨਮੇ ਜੈਦੇਵ ਨੇ ਭਗਤ ਸਿੰਘ ਤੇ ਬੀ. ਕੇ.ਦੱਤ  ਲਈ ਦਿੱਲੀ ਅਸੈਂਬਲੀ ਲਈ ਪਾਸ ਦਾ ਇੰਤਜ਼ਾਮ ਕੀਤਾ ਸੀ ਅਤੇ ਬੰਬ ਫਟਣ ਤੋਂ ਕੁੱਝ ਮਿੰਟ ਪਹਿਲਾਂ ਹੀ ਅਸੈਂਬਲੀ ਹਾਲ ‘ਚੋਂ ਬਾਹਰ ਆ ਗਏ ਸਨ। ਬੁਲਾਰਿਆਂ ਨੇ ਉਨ੍ਹਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਭਾਵਪੂਰਤ ਸਿਜਦਾ ਕੀਤਾ।

ਅੱਜ ਪੰਜਾਬ ਦਾ ਮੌਸਮ ਨਾ-ਖੁਸ਼ਗਵਾਰ ਰਿਹਾ, ਪਰ ਧਰਨਾਕਾਰੀਆਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਆਈ। ਵਿਸ਼ੇਸ਼ ਗੱਲ ਇਹ ਰਹੀ ਕਿ ਧਰਨਾਕਾਰੀਆਂ ਵਿੱਚ ਵੱਡੀ ਗਿਣਤੀ ਵਿੱਚ ਉਹੀ ਕਿਸਾਨ ਮਰਦ ਔਰਤਾਂ ਸ਼ਾਮਲ ਸਨ, ਜੋ ਲਖੀਮਪੁਰ ਦੇ ਸ਼ਹੀਦਾਂ ਦੇ ਅਸਥੀ ਕਲਸ਼ ਦੇ ਸਵਾਗਤ ਲਈ ਵੱਖ-ਵੱਖ ਥਾਵਾਂ ‘ਤੇ ਪਹੁੰਚੇ ਹੋਏ ਸਨ, ਜੋ ਦੁਬਾਰਾ ਤੋਂ ਫਿਰ ਇਸ ਸੰਘਰਸ਼ੀ ਅਖਾੜੇ ਵਿੱਚ ਹਾਜ਼ਰ ਸਨ।

ਬੁਲਾਰਿਆਂ ਨੇ ਅੱਜ ਫਿਰ ਡੀਏਪੀ ਖਾਦ ਦੀ ਕਿੱਲਤ ਬਾਰੇ ਚਰਚਾ ਕੀਤੀ ਜੋ ਦਿਨ-ਬਦਿਨ ਬਦ ਤੋਂ ਬਦਤਰ ਹੋ ਰਹੀ ਹੈ। ਪਰਾਈਵੇਟ ਡੀਲਰ ਹਾਲਤ ਦਾ ਨਜਾਇਜ਼ ਉਠਾ ਰਹੇ ਹਨ ਅਤੇ ਖਰੀਦਦਾਰਾਂ ਨੂੰ ਖਾਦ ਦੇ ਨਾਲ ਹੋਰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜ਼ਬੂਰ ਕਰ ਰਹੇ ਹਨ। 1200 ਰੁਪਏ ਦੀ ਕੀਮਤ ਵਾਲੇ ਥੈਲੇ ਲਈ ਕਿਸਾਨਾਂ ਨੂੰ 1400 ਰੁਪਏ ਦੇਣੇ ਪੈ ਰਹੇ ਹਨ।

ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਉਧਰ ਖੇਤੀ ਮਾਹਰਾਂ ਨੇ ਡੀਏਪੀ ਖਾਦ ਦੇ ਉਲਟੇ ਸਿੱਧੇ ਬਦਲ ਸੁਝਾਉਣੇ ਸ਼ੁਰੂ ਕਰ ਦਿੱਤੇ ਹਨ। ਡੀਏਪੀ ਦੀ ਬਜਾਏ ਐਨਪੀਕੇ ਖਾਦ ਵਰਤਣ ਲਈ ਕਿਹਾ ਜਾ ਰਿਹਾ ਹੈ ਜਿਸ ਦੇ ਰੇਟ ਕੇਂਦਰ ਸਰਕਾਰ ਨੇ ਪਹਿਲਾਂ ਹੀ 1180 ਰੁਪਏ ਤੋਂ ਵਧਾ ਕੇ 1450 ਰੁਪਏ ਕਰ ਦਿੱਤੇ ਹਨ। ਆਗੂਆਂ ਨੇ ਜਿੱਥੇ ਸਰਕਾਰ ਨੂੰ ਕਿੱਲਤ ਦੂਰ ਕਰਨ ਲਈ ਤੁਰੰਤ ਕਦਮ ਉਠਾਉਣ ਲਈ ਕਿਹਾ ਉਥੇ ਦੂਸਰੀ ਤਰਫ਼ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਖਾਦ ਦੀ ਜ਼ਖੀਰੇਬਾਜੀ ਨਾ ਕਰਨ।

LEAVE A REPLY

Please enter your comment!
Please enter your name here