ਪੰਜਾਬ ‘ਚ ਹੁਣ ਗੰਨੇ ਦੀ ਫਸਲ ਬਿਮਾਰੀਆਂ ਤੋਂ ਮੁਕਤ ਹੋਵੇਗੀ। ਪੰਜਾਬ ਸਰਕਾਰ ਗੰਨੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਰੋਗ ਪ੍ਰਤੀਰੋਧੀ ਤੇ ਟਿਕਾਊ ਬੀਜ ਵੰਡਣ ਜਾ ਰਹੀ ਹੈ। ਪੰਜਾਬ ਸਰਕਾਰ ਦੇ ਇਸ ਯਤਨ ਨਾਲ ਰਾਜ ਵਿੱਚ ਗੰਨੇ ਦੀ ਫਸਲ ਨੂੰ ਹੁਲਾਰਾ ਮਿਲੇਗਾ ਤੇ ਝਾੜ ਵਿੱਚ ਵੀ ਵਾਧਾ ਹੋਵੇਗਾ। ਇਸ ਵੇਲੇ ਪੰਜਾਬ ਦੀ 70 ਪ੍ਰਤੀਸ਼ਤ ਖੇਤੀ ਯੋਗ ਜ਼ਮੀਨ ਵਿੱਚ ਕਿਸਾਨ ਗੰਨੇ ਦੀ ਫਸਲ ਦਾ ਉਤਪਾਦਨ ਕਰਦੇ ਹਨ।
ਪੰਜਾਬ ਵਿੱਚ ਗੰਨੇ ਦੀ ਫਸਲ ਹੇਠਲਾ ਖੇਤਰ ਲਗਪਗ 95,000 ਹੈਕਟੇਅਰ (2,34,650 ਏਕੜ) ਹੈ। ਇਸ ਵਿੱਚੋਂ ਲਗਪਗ 70 ਪ੍ਰਤੀਸ਼ਤ ਖੇਤਰ ਸਿਰਫ ਇੱਕ ਕਿਸਮ ਦੀ ਗੰਨੇ ਦੀ ਫਸਲ CO-0238 ਦੇ ਅਧੀਨ ਆਉਂਦਾ ਹੈ। ਇਹ ਗੰਨੇ ਦੀ ਫਸਲ 2005 ਵਿੱਚ ਪੰਜਾਬ ਵਿੱਚ ਬੀਜੀ ਗਈ ਸੀ।
ਚੰਗੀ ਫਸਲ ਪੈਦਾਵਾਰ ਦੇ ਬਾਅਦ ਵੀ ਅੱਜਕੱਲ੍ਹ ਗੰਨੇ ਦੀ ਇਸ ਪ੍ਰਜਾਤੀ ‘ਚ ਪੋਕਾ ਬੋਇੰਗ ਬਿਮਾਰੀ ਦਾ ਹਮਲਾ ਹੋ ਰਿਹਾ ਹੈ। ਇਸ ਨਾਲ ਗੰਨੇ ਦੀ ਇਸ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਗੰਨੇ ਦੀ ਉਚਾਈ 7-8 ਫੁੱਟ ਹੋਣ ਕਾਰਨ ਦਵਾਈਆਂ ਦੇ ਛਿੜਕਾਅ ਵਿੱਚ ਵੀ ਮੁਸ਼ਕਲ ਆ ਰਹੀ ਹੈ। ਅਜਿਹੀ ਸਥਿਤੀ ਵਿੱਚ ਹੁਣ ਸਰਕਾਰ ਬਿਮਾਰੀ ਰੋਧਕ ਤੇ ਟਿਕਾਊ ਬੀਜ ਲਿਆ ਰਹੀ ਹੈ, ਜਲਦੀ ਹੀ ਸਰਕਾਰ ਉਨ੍ਹਾਂ ਨੂੰ ਕਿਸਾਨਾਂ ਵਿੱਚ ਵੀ ਵੰਡ ਦੇਵੇਗੀ।
ਅਗਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਹੁਣ ਕਿਸਾਨਾਂ ਨੂੰ ਗੰਨੇ ਦੀਆਂ ਚਾਰ ਨਵੀਆਂ ਕਿਸਮਾਂ ਦੇ ਅਧੀਨ ਬੀਜਾਂ ਦੀ ਵੰਡ ਕਰੇਗੀ। ਇਨ੍ਹਾਂ ਵਿੱਚ COPB-95, COPB-96, COPB-98 ਤੇ CO-118 ਸ਼ਾਮਲ ਹਨ। ਦੂਜੇ ਪਾਸੇ ਕੁੱਲ ਰਕਬੇ ਦਾ 30 ਤੋਂ 40 ਫੀਸਦੀ ਹਿੱਸਾ 2005 ਦੀ ਕਿਸਮ CO-0238 ਦੇ ਅਧੀਨ ਆਉਣਾ ਹੈ।