ਕਿਸਾਨਾਂ ‘ਤੇ ਜ਼ੁਲਮ ਕਰਨਾ ਬੰਦ ਕਰੇ ਸੱਤਾਧਾਰੀ ਕਾਂਗਰਸ : ਕੁਲਤਾਰ ਸਿੰੰਘ ਸੰਧਵਾਂ

0
97

– ਕਿਹਾ, ਕੈਪਟਨ ਅਮਰਿੰਦਰ ਸਿੰਘ ਅਤੇ ਮਨੋਹਰ ਲਾਲ ਖੱਟਰ ਵਿੱਚ ਕੋਈ ਫ਼ਰਕ ਨਹੀਂ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੋਗਾ ‘ਚ ਕਿਸਾਨਾਂ ਉਤੇ ਕੀਤੇ ਗਏ ਅੰਨੇ ਤਸ਼ੱਦਦ ਲਈ ਸੱਤਾਧਾਰੀ ਕਾਂਗਰਸ ਨੂੰ ਸਵਾਲ ਕੀਤਾ ਹੈ ਕਿ ਕਿਸਾਨਾਂ ‘ਤੇ ਡਾਂਗਾਂ ਚਲਾਉਣ ‘ਚ ਪੰਜਾਬ ਦੀ ਕੈਪਟਨ ਅਤੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਵਿੱਚ ਕੀ ਫ਼ਰਕ ਬਚਿਆ ਹੈ? ਮੋਗਾ ਲਾਠੀਚਾਰਜ ਦੀ ਜ਼ੋਰਦਾਰ ਨਿਖ਼ੇਧੀ ਕਰਦੇ ਹੋਏ ਆਮ ਆਦਮੀ ਪਾਰਟੀ ਨੇ 200 ਤੋਂ ਵੱਧ ਕਿਸਾਨਾਂ ‘ਤੇ ਦਰਜ ਕੀਤੇ ਪਰਚੇ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਸਾਨਾਂ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਲੀ ਜ਼ਹਿਰੀ ਸੋਚ ਤਿਆਗਣ ਦੀ ਸਲਾਹ ਵੀ ਦਿੱਤੀ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ‘ਸੁਖਬੀਰ ਸਿੰਘ ਬਾਦਲ ਕੋਲੋਂ ਕਾਲੇ ਖੇਤੀ ਕਾਨੂੰਨਾਂ ਬਾਰੇ ਸਵਾਲ ਪੁੱਛਣ ਲਈ ਮੋਗਾ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਕੈਪਟਨ ਦੀ ਪੁਲੀਸ ਨੇ ਲੋਕਤੰਤਰ ਦਾ ਕਤਲ ਅਤੇ ਭਾਰਤੀ ਸੰਵਿਧਾਨ ਦੀ ਉਲੰਘਣਾ ਕੀਤੀ ਹੈ।’ ਸੰਧਵਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਆਕਾ ਨਰਿੰਦਰ ਮੋਦੀ ਦੇ ਰਾਹ ‘ਤੇ ਚੱਲ ਕੇ ਅਤੇ ਬਾਦਲ ਪਰਿਵਾਰ ਨਾਲ ਕੀਤੇ ਗੁਪਤ ਸਮਝੌਤੇ ਕਾਰਨ ਕਿਸਾਨਾਂ ਉਤੇ ਤਸ਼ੱਦਦ ਕਰ ਰਹੇ ਹਨ, ਜਿਸ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਾਂਗਰਸ ਸਰਕਾਰ ਦੀ ਪੁਲੀਸ ਆਏ ਦਿਨ ਕਿਸਾਨਾਂ ‘ਤੇ ਜ਼ੁਲਮ ਕਰ ਰਹੀ ਹੈ, ਪਰ ਨਵਜੋਤ ਸਿੱਧੂ ਸ਼ੈਤਾਨੀ ਚੁੱਪ ਧਾਰੀ ਬੈਠੇ ਹਨ। ਉਨਾਂ ਕਿਹਾ ਨਵਜੋਤ ਸਿੱਧੂ ਸਟੇਜਾਂ ਉਤੇ ਕਿਸਾਨਾਂ ਦੇ ਹੱਕ ‘ਚ ਚੀਖਾਂ ਤਾਂ ਬਹੁਤ ਮਾਰਦੇ ਹਨ, ਲੇਕਿਨ ਉਹ ਪੰਜਾਬ ਪੁਲੀਸ ਵੱਲੋਂ ਕਿਸਾਨਾਂ ‘ਤੇ ਕੀਤੇ ਜਾਂਦੇ ਲਾਠੀਚਾਰਜ ਅਤੇ ਪਰਚਿਆਂ ਦੇ ਖ਼ਿਲਾਫ਼ ਕਦੇ ਨਹੀਂ ਬੋਲਦੇ।

ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਟਿੱਪਣੀ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, ”ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਕੋਲੋਂ ਭੱਜਣ ਦੀ ਥਾਂ ਕਿਸਾਨਾਂ ਵੱਲੋਂ ਪੁੱਛੇ ਜਾਂਦੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਕਿਉਂਕਿ ਬਾਦਲ ਪਰਿਵਾਰ ਤਾਂ ਹਮੇਸ਼ਾਂ ਹੀ ਆਪਣੇ ਆਪ ਨੂੰ ਕਿਸਾਨਾਂ ਦਾ ਹਿਤੈਸ਼ੀ ਕਹਿੰਦਾ ਰਿਹਾ ਹੈ। ਹੁਣ ਜਦੋਂ ਕਿਸਾਨ ਆਪਣੇ ਹਿਤੈਸ਼ੀ ਆਗੂ ਕੋਲੋਂ ਖੇਤੀ ਕਾਨੂੰਨਾਂ ਬਾਰੇ ਗਦਾਰੀ ਕਰਨ ਬਾਰੇ ਸਵਾਲ ਪੁੱਛਦੇ ਹਨ ਤਾਂ ਇਹ ਆਗੂ ਕਿਸਾਨਾਂ ਦਾ ਸਾਹਮਣਾ ਕਰਨ ਤੋਂ ਭੱਜਦਾ ਫਿਰਦਾ ਹੈ।” ਉਨਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ‘ਸ਼ਰਾਰਤੀ ਤੱਤ’ ਕਿਹਾ ਸੀ ਅਤੇ ਅੱਜ ਕੈਪਟਨ ਨੇ ਸੁਖਬੀਰ ਦੇ ਕਹੇ ਅਨੁਸਾਰ ਕਿਸਾਨਾਂ ‘ਤੇ ਡਾਂਗਾਂ ਵਰਾਈਆਂ ਅਤੇ ਪਰਚੇ ਦਰਜ ਕੀਤੇ ਹਨ। ਸੰਧਵਾਂ ਨੇ ਦੋਸ਼ ਲਾਇਆ ਕਿ ਕਿਸਾਨਾਂ ‘ਤੇ ਡਾਂਗਾਂ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਲਈ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਇੱਕੋ ਜਿਹੀਆਂ ਹਨ ਕਿਉਂਕਿ ਜਿੱਥੇ ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਕਾਲੇ ਖੇਤੀ ਕਾਨੂੰਨਾਂ ਲਈ ਬਰਾਬਰ ਦੇ ਜ਼ਿੰਮੇਵਾਰ ਹਨ, ਉਥੇ ਹੀ ਕਿਸਾਨਾਂ ‘ਤੇ ਡਾਂਗਾ ਵਰਾਉਣ ਅਤੇ ਪਰਚੇ ਦਰਜ ਕਰਨ ‘ਚ ਇਹ ਸੱਤਾਧਾਰੀ ਇਕੋ ਜਿਹਾ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਦੇ ਮਨ ‘ਚ ਕਿਸਾਨਾਂ ਪ੍ਰਤੀ ਥੋੜੀ- ਬਹੁਤੀ ਵੀ ਥਾਂ ਹੁੰਦੀ ਤਾਂ ਮੋਗਾ ‘ਚ ਕਰਨਾਲ ਵਰਗਾ ਜ਼ੁਲਮ ਨਾ ਦੁਹਰਾਇਆ ਜਾਂਦਾ।

LEAVE A REPLY

Please enter your comment!
Please enter your name here