ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਨੂੰ ਲੈ ਕੇ ਦੇਸ਼ ‘ਚ ਸਿਆਸਤ ਜਾਰੀ ਹੈ। ਇਸ ਦੇ ਚੱਲਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਖੀਮਪੁਰ ਹਿੰਸਾ ਨੂੰ ਨਿੰਦਣਯੋਗ ਕਰਾਰ ਦਿੱਤਾ ਹੈ। ਉਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ‘ਚ ਕਿਹਾ ਕਿ ਅਜੇ ਤੱਕ ਕਾਤਲਾਂ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਹੈ ? ਆਖਿਰ ਕੀ ਮਜ਼ਬੂਰੀ ਹੈ ? ਉਨ੍ਹਾਂ ਨੂੰ ਕਿਉਂ ਬਚਾਇਆ ਜਾ ਰਿਹਾ ਹੈ ? ਕਿਸਾਨਾਂ ਨੂੰ ਗੱਡੀ ਨਾਲ ਕੁਚਲਿਆ ਗਿਆ। ਨੇਤਾ-ਅਮੀਰ ਕਿਸੇ ਨੂੰ ਵੀ ਕੁਚਲ ਸਕਦੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇੰਨੀ ਭੀੜ ਦੇ ਸਾਹਮਣੇ ਕੋਈ ਇੰਨੇ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਜਾਵੇ ਅਤੇ ਪੂਰਾ ਸਿਸਟਮ ਉਸ ਕਾਤਲ ਨੂੰ ਬਚਾਉਣ ’ਚ ਲੱਗ ਜਾਵੇ, ਅਜਿਹਾ ਤਾਂ ਫਿਲਮਾਂ ’ਚ ਅਸੀਂ ਵੇਖਦੇ ਹਾਂ। ਨਾਲ ਹੀ ਉਨ੍ਹਾਂ ਸਵਾਲ ਕੀਤਾ ਕਿ ਕਿਸਾਨਾਂ ਨੇ ਕੀ ਵਿਗਾੜਿਆ ਹੈ, ਕਿਸਾਨਾਂ ਨੂੰ ਕਿਉਂ ਮਾਰਿਆਂ ਜਾ ਰਿਹਾ ਹੈ? ਹਰ ਦੇਸ਼ ਵਾਸੀ ਨਿਆਂ ਦੀ ਮੰਗ ਕਰ ਰਿਹਾ ਹੈ।