ਕਾਂਗਰਸ ਹਾਈਕਮਾਨ ਦੇ ਫ਼ਰਮਾਨ ਤੋਂ ਬਾਅਦ ‘ਆਪ’ ਨੇ ਬਾਗ਼ੀ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਤੋਂ ਮੰਗੇ ਅਸਤੀਫ਼ੇ

0
64

ਬਾਗ਼ੀ ਕਾਂਗਰਸੀ ਦੱਸਣ ਕੈਪਟਨ ਦੀ ਅਗਵਾਈ ਕਬੂਲ ਹੈ ਜਾਂ ਅਸਤੀਫ਼ੇ ਦੇ ਕੇ ਪੰਜਾਬ ਬਚਾਉਣ ਲਈ ਲੜਦੇ ਰਹਿਣਗੇ : ਮੀਤ ਹੇਅਰ

ਚੰਡੀਗੜ੍ਹ : ਇੱਕ ਨਿਰਾਸ਼ਾਜਨਕ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲਣ ਤੋਂ ਇਨਕਾਰੀ ‘ਬਾਗ਼ੀ’ ਕਾਂਗਰਸੀ ਵਜ਼ੀਰਾਂ ਅਤੇ ਵਿਧਾਇਕਾਂ ਕੋਲੋਂ ਤੁਰੰਤ ਅਸਤੀਫ਼ੇ ਮੰਗਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸੁਣਾਏ ਕਾਂਗਰਸੀ ਫ਼ਰਮਾਨ ਉਪਰੰਤ ਹੁਣ ਪਤਾ ਲੱਗੇਗਾ ਕਿ ਇਹ ‘ਬਾਗ਼ੀ ਕਾਂਗਰਸੀ’ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਕਬੂਲ ਕਰ ਲੈਂਦੇ ਹਨ ਜਾਂ ਫਿਰ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਾਈ ਜਾਰੀ ਰੱਖਣਗੇ।

ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ‘ਆਪ’ ਦੇ ਵਿਧਾਇਕ ਅਤੇ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇਹਨਾਂ ਸਾਰੇ ਕਾਂਗਰਸੀ ਵਿਧਾਇਕਾਂ ਅਤੇ ਮੰਤਰੀਆਂ ਨੂੰ ਹਲੀਮੀ ਭਰੀ ਸਲਾਹ ਦਿੰਦਿਆਂ ਕਿਹਾ, ”ਬਾਗ਼ੀ ਕਾਂਗਰਸੀਆਂ ਨੇ ਜੇ ਪੰਜਾਬ ਬਚਾਉਣਾ ਹੈ ਤਾਂ ਉਨ੍ਹਾਂ ਨੂੰ ਦੇਹਰਾਦੂਨ ਜਾਂ ਦਿੱਲੀ ਗੇੜੇ ਮਾਰਨ ਦੀ ਜ਼ਰੂਰਤ ਨਹੀਂ, ਉਹ ਰਾਜਧਾਨੀ ਸਥਿਤ ਪੰਜਾਬ ਰਾਜ ਭਵਨ ਜਾ ਕੇ ਹੀ ਪੰਜਾਬ ਬਚਾ ਸਕਦੇ ਹਨ, ਬਸ਼ਰਤੇ ਰਾਜਪਾਲ ਪੰਜਾਬ ਨੂੰ ਅਸਤੀਫ਼ੇ ਸੌਂਪ ਕੇ ਕੈਪਟਨ ਪ੍ਰਤੀ ਬੇਭਰੋਸਗੀ ਦਰਜ ਕਰਾਉਣੀ ਪਵੇਗੀ।”
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੂੰ ਬਚਾਉਣ ਦੇ ਨਾਂਅ ‘ਤੇ ਆਪਣੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਗ਼ਾਵਤ ਕਰਨ ਵਾਲੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਚਰਨਜੀਤ ਸਿੰਘ ਚੰਨੀ ਅਤੇ ਸੁਖਬਿੰਦਰ ਸਿੰਘ ਸਰਕਾਰੀਆ, ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਸਟੈਂਡ ਸਪੱਸ਼ਟ ਕਰਨ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੇ ਕੈਪਟਨ ਅਮਰਿੰਦਰ ਸਿੰਘ ਨਾਲ ਹਨ ਜਾਂ ਪੰਜਾਬ ਅਤੇ ਪੰਜਾਬੀਆਂ ਦੇ ਨਾਲ, ਕਿਉਂਕਿ ਹਰੀਸ਼ ਰਾਵਤ ਨੇ ਸਾਫ਼ ਸ਼ਬਦਾਂ ‘ਚ ਆਖ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ ਅਤੇ 2022 ਦੀਆਂ ਚੋਣਾਂ ਵੀ ਕੈਪਟਨ ਦੀ ਅਗਵਾਈ ਵਿੱਚ ਹੀ ਲੜੀਆਂ ਜਾਣਗੀਆਂ।

ਮੀਤ ਹੇਅਰ ਨੇ ਕਿਹਾ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਮਾਫ਼ੀਆ ਰਾਜ ਦਾ ਹਿੱਸਾ ਰਹੇ ਬਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਨੇ ਦੇਰ ਨਾਲ ਹੀ ਸਹੀ ਪਰ ਦਰੁਸਤ ਸਟੈਂਡ ਲੈਂਦੇ ਹੋਏ ਇਕਬਾਲ ਕੀਤਾ ਹੈ ਕਿ ਕੈਪਟਨ ਸਰਕਾਰ ਨਿਕੰਮੀ ਅਤੇ ਬੇਇਨਸਾਫ਼ ਸਰਕਾਰ ਹੈ। ਜੋ ਪੰਜਾਬ ਦੀ ਮਾੜੀ ਸਥਿਤੀ ਅਤੇ ਮਾਫ਼ੀਆ ਰਾਜ ਦੀ ਲੁੱਟ ਲਈ ਜ਼ਿੰਮੇਵਾਰ ਹੋਣ ਦੇ ਨਾਲ- ਨਾਲ ਚੋਣ ਵਾਅਦੇ ਪੂਰੇ ਕਰਨ ‘ਚ ਬੁਰੀ ਤਰਾਂ ਨਾਕਾਮ ਰਹੀ ਹੈ। ਜਿਸ ਕਾਰਨ ਉਨ੍ਹਾਂ ਨੇ ਕੈਪਟਨ ਵਿਰੁੱਧ ਬਗ਼ਾਵਤ ਦਾ ਝੰਡਾ ਚੁੱਕਿਆ ਹੈ, ਪ੍ਰੰਤੂ ਇਸ ਸਥਿਤੀ ‘ਚ ਕੈਪਟਨ ਵਿਰੋਧੀਆਂ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਉਹ ਅਸਤੀਫ਼ੇ ਦੇ ਕੇ ਪੰਜਾਬ ਲਈ ਲੜਦੇ ਸਨ ਜਾਂ ਕੁਰਸੀ ਲਈ ਪੁਰਾਣੀ ਤਨਖ਼ਾਹ ‘ਤੇ ਹੀ ਕੰਮ ਕਰਦੇ ਰਹਿਣਗੇ। ਕਾਂਗਰਸ ਹਾਈਕਮਾਨ ਵੱਲੋਂ ਕੈਪਟਨ ਨੂੰ 2022 ਦੀਆਂ ਚੋਣਾ ਦੀ ਕਪਤਾਨੀ ਸੌਂਪੇ ਜਾਣ ਦੇ ਐਲਾਨ ਨੇ ਬਾਗ਼ੀਆਂ ਨੂੰ ਅਗਨ- ਪ੍ਰੀਖਿਆ ‘ਚ ਪਾ ਦਿੱਤਾ ਹੈ।

‘ਆਪ’ ਆਗੂ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਦੀਆਂ ਪ੍ਰਾਪਤੀਆਂ ਅਤੇ ਅਸਫਲਤਾਵਾਂ ਲਈ ਸਮੁੱਚੀ ਕੈਬਨਿਟ ਜ਼ਿੰਮੇਵਾਰ ਹੁੰਦੀ। ਇਸ ਲਈ ਪੰਜਾਬ ਦੇ ਮੁੱਦਿਆਂ ਤੋਂ ਟਾਲ਼ਾ ਵੱਟਣ ਲਈ ਕਾਂਗਰਸ ਸਰਕਾਰ ਦੇ ਸਾਰੇ ਮੰਤਰੀ, ਵਿਧਾਇਕ ਅਤੇ ਨਵਜੋਤ ਸਿੰਘ ਸਿੱਧੂ ਵੀ ਓਨੇ ਹੀ ਜ਼ਿੰਮੇਵਾਰ ਹਨ, ਜਿੰਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈ। ਮੀਤ ਹੇਅਰ ਨੇ ਸਵਾਲ ਕੀਤਾ, ‘ਕੀ ਬਾਗ਼ੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਮਨਜ਼ੂਰ ਹੈ? ਜੇ ਉਨ੍ਹਾਂ ਨੂੰ ਕੈਪਟਨ ਹੀ ਮਨਜ਼ੂਰ ਹੈ ਤਾਂ ਸਾਫ਼ ਹੁੰਦਾ ਹੈ ਕਿ ਉਹ ਕੇਵਲ ਤੇ ਕੇਵਲ ਕੁਰਸੀ ਲਈ ਲੜਦੇ ਹਨ। ਮੀਤ ਹੇਅਰ ਮੁਤਾਬਿਕ ਜੇ ਬਾਗ਼ੀ ਮੰਤਰੀ ਅਤੇ ਵਿਧਾਇਕ ਕੈਪਟਨ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲੈਂਦੇ ਤਾਂ ਉਹ ਮਾਫ਼ੀਆ ਰਾਜ ਨਾਲ ਮਿਲੇ ਹੋਣ ਦੇ ਦਾਗ਼ ਧੋਣ ਦਾ ਆਖ਼ਰੀ ਮੌਕਾ ਵੀ ਗਵਾਅ ਦੇਣਗੇ।

ਇਸ ਦੇ ਨਾਲ ਹੀ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁਖ਼ਾਤਿਵ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਸਮਰਥਨ ਖੋਹ ਚੁੱਕੇ ਹਨ ਅਤੇ ਹੁਣ ਉਹ ਮੁੱਖ ਮੰਤਰੀ ਦੇ ਅਹੁਦੇ ‘ਤੇ ਬਣੇ ਰਹਿਣ ਦੇ ਯੋਗ ਨਹੀਂ ਹਨ। ਮੀਤ ਹੇਅਰ ਅਨੁਸਾਰ ਭਾਵੇਂ ਕਿ ਕਾਂਗਰਸ ਹਾਈਕਮਾਂਡ ਧੱਕੇ ਜ਼ੋਰੀ ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਰੱਖੇ, ਪਰ ਇਖ਼ਲਾਕੀ ਅਤੇ ਸੰਵਿਧਾਨਿਕ ਤੌਰ ‘ਤੇ ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਸਰਕਾਰ ਦੇ ਪ੍ਰਮੁੱਖ ਬਣੇ ਰਹਿਣ ਦਾ ਕੋਈ ਹੱਕ ਨਹੀਂ।

LEAVE A REPLY

Please enter your comment!
Please enter your name here