ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਦੀ ਮਰਯਾਦਾ ਦਾ ਖ਼ਿਆਲ ਰੱਖਣ-ਬੀਬੀ ਜਗੀਰ ਕੌਰ

0
55

ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਅੰਦਰ ਪਤਿਤ ਵਿਅਕਤੀ ਤੋਂ ਸਿਰੋਪਾਓ ਲੈਣਾ ਮਰਯਾਦਾ ਤੋਂ ਉਲਟ

ਅੰਮ੍ਰਿਤਸਰ : ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਪਤਿਤ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਿੱਤੇ ਗਏ ਸਿਰੋਪਾਓ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਸਿੱਖ ਮਰਯਾਦਾ ਦੀ ਉਲੰਘਣਾ ਹੈ ਅਤੇ ਨਵਜੋਤ ਸਿੰਘ ਸਿੱਧੂ ਨੂੰ ਗੁਰੂ ਘਰਾਂ ਅੰਦਰ ਨਤਮਸਤਕ ਹੋਣ ਸਮੇਂ ਗੁਰਦੁਆਰਾ ਸਾਹਿਬ ਦੀ ਮਰਯਾਦਾ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਬੀਤੇ ਦਿਨੀਂ ਦਸਮ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਨਵਜੋਤ ਸਿੰਘ ਸਿੱਧੂ ਨੂੰ ਉਸ ਦੀ ਪਾਰਟੀ ਦੇ ਪਤਿਤ ਲੋਕਾਂ ਨੇ ਗੁਰਦੁਆਰਾ ਸਾਹਿਬ ’ਚ ਸਿਰੋਪਾਓ ਦੇ ਕੇ ਮਰਯਾਦਾ ਦਾ ਉਲੰਘਣ ਕੀਤਾ ਹੈ।

ਇਸ ਦੇ ਨਾਲ ਹੀ ਸਿੱਧੂ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ’ਤੇ ਪੁਲਿਸ ਪ੍ਰਸਾਸ਼ਨ ਵੱਲੋਂ ਸੰਗਤ ਨੂੰ ਵੀ ਰੋਕ ਕੇ ਪ੍ਰੇਸ਼ਾਨ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੇ ਮਨਾਂ ਅੰਦਰ ਭਾਰੀ ਰੋਸ ਹੈ। ਉਨ੍ਹਾਂ ਆਖਿਆ ਕਿ ਨਵਜੋਤ ਸਿੰਘ ਸਿੱਧੂ ਬਾਰ-ਬਾਰ ਗੁਰਦੁਆਰਾ ਸਾਹਿਬਾਨ ਦੀ ਮਾਣ-ਮਰਯਾਦਾ ਨੂੰ ਠੇਸ ਪਹੁੰਚਾ ਰਿਹਾ ਹੈ। ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਨਤਮਸਤਕ ਹੋਣ ਸਮੇਂ ਵੀ ਸ਼ਕਤੀ ਪ੍ਰਦਰਸ਼ਨ ਵਰਗਾ ਵਿਹਾਰ ਕੀਤਾ ਗਿਆ ਸੀ ਅਤੇ ਪਰਕਰਮਾਂ ਵਿਚ ਧੱਕੀ-ਮੁੱਕੀ ਹੋਣ ਨਾਲ ਸੰਗਤ ਨੂੰ ਭਾਰੀ ਮੁਸ਼ਕਲਾਂ ਆਈਆਂ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਇਕ ਮਰਯਾਦਾ ਹੈ ਅਤੇ ਇਥੇ ਨਤਮਸਤਕ ਹੋਣ ਸਮੇਂ ਸਭ ਨੂੰ ਇਸ ਮਰਯਾਦਾ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸਾਹਿਬ ਅੰਦਰ ਪ੍ਰਧਾਨ ਦੀ ਹੈਸੀਅਤ ਨਾਲੋਂ ਇਕ ਸ਼ਰਧਾਲੂ ਦੀ ਤਰ੍ਹਾਂ ਪੁੱਜਣ ਅਤੇ ਆਪਣੇ ਸਾਥੀਆਂ ਨੂੰ ਮਨਮੱਤੀ ਕਾਰਵਾਈਆਂ ਕਰਨ ਤੋਂ ਵਰਜਣ। ਸਿੱਧੂ ਨੂੰ ਪ੍ਰਧਾਨਗੀ ਦੇ ਨਸ਼ੇ ਵਿਚ ਗੁਰ-ਅਸਥਾਨਾਂ ਦੀ ਮਰਯਾਦਾ ਦਾ ਉਲੰਘਣ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕੁਰੂਕਸ਼ੇਤਰ ਵਿਚ ਆਰਐਸਐਸ ਦੇ ਲੋਕਾਂ ਵੱਲੋਂ ਕਕਾਰਾਂ ਦੀ ਤੌਹੀਨ ਦਾ ਲਿਆ ਸਖ਼ਤ ਨੋਟਿਸ
ਹਰਿਆਣਾ ਦੇ ਕੁਰੂਕਸ਼ੇਤਰ ਵਿਚ ਆਰਐਸਐਸ ਨਾਲ ਸਬੰਧਤ ਕੁਝ ਲੋਕਾਂ ਵੱਲੋਂ ਸਿੱਖ ਕਕਾਰਾਂ ਦੀ ਕੀਤੀ ਗਈ ਤੌਹੀਨ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਖ਼ਤ ਨੋਟਿਸ ਲਿਆ ਹੈ। ਬੀਬੀ ਜਗੀਰ ਕੌਰ ਨੇ ਕਿਹਾ ਕਿ ਆਰਐਸਐਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਿੱਖਾਂ ਦੇ ਪਾਵਨ ਕਕਾਰਾਂ ਨੂੰ ਮਜ਼ਾਕ ਦੇ ਤੌਰ ’ਤੇ ਲੈਣ ਅਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਵਾਲੀਆਂ ਕਾਰਵਾਈਆਂ ਕਰਨ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਵਿਚ ਸਿਰ ਤੋਂ ਮੋਨੇ ਲੋਕਾਂ ਵੱਲੋਂ ਗਲ਼ਾਂ ਵਿਚ ਗਾਤਰੇ ਅਤੇ ਕਿਰਪਾਨਾਂ ਪਾ ਕੇ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ ਲੋਕਾਂ ਕਰਕੇ ਹੀ ਤਕਰਾਰ ਵਾਲਾ ਮਾਹੌਲ ਬਣਦਾ ਹੈ, ਜਦਕਿ ਸਰਕਾਰਾਂ ਖਾਮੋਸ਼ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਅਜਿਹੀਆਂ ਆਪ-ਹੁਦਰੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਮਾਮਲੇ ਵਿਚ ਹਰਿਆਣਾ ਸਰਕਾਰ ਇਨ੍ਹਾਂ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕਰੇ, ਤਾਂ ਜੋ ਅੱਗੇ ਤੋਂ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ।

ਓਲੰਪਿਕ ਖੇਡਾਂ ’ਚ ਵਧੀਆ ਪ੍ਰਦਰਸ਼ਨ ਵਾਲੇ ਖਿਡਾਰੀਆਂ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਓਲੰਪਿਕ ਖੇਡਾਂ ਵਿਚ ਵਧੀਆ ਕਾਰਗੁਜ਼ਾਰੀ ਵਾਲੇ ਭਾਰਤੀ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਆਖਿਆ ਕਿ ਭਾਰਤ ਦੀ ਲੜਕੀਆਂ ਅਤੇ ਲੜਕਿਆਂ ਦੀ ਹਾਕੀ ਟੀਮ ਨੇ ਬੇਹਤਰ ਕਾਰਗੁਜ਼ਾਰੀ ਦਿਖਾਉਂਦਿਆਂ ਸੈਮੀ ਫਾਈਨਲ ਵਿਚ ਜਗ੍ਹਾ ਬਣਾਈ ਹੈ ਅਤੇ ਇਸ ਵਿਚ ਖ਼ਾਸ ਕਰਕੇ ਪੰਜਾਬ ਦੇ ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹਾਕੀ ਦੀਆਂ ਦੋਵੇਂ ਟੀਮਾਂ ਅਗਲੇ ਮੈਚਾਂ ਵਿਚ ਵੀ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਨਾਂ ਉੱਚਾ ਕਰਨਗੀਆਂ। ਬੀਬੀ ਜਗੀਰ ਕੌਰ ਨੇ ਬੈਡਮਿੰਟਨ ਵਿਚ ਪੀ. ਵੀ. ਸਿੰਧੂ ਨੇ ਕਾਂਸੇ ਦਾ ਮੈਡਲ ਜਿੱਤਣ ਦੇ ਨਾਲ-ਨਾਲ ਡਿਸਕਸ ਥਰੋ ਵਿਚ ਕਮਲਪ੍ਰੀਤ ਕੌਰ ਵੱਲੋਂ ਪ੍ਰਾਪਤੀਆਂ ਨੂੰ ਸਲਾਹਿਆ।

LEAVE A REPLY

Please enter your comment!
Please enter your name here