ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੇਚੀ : ਭਗਵੰਤ ਮਾਨ

0
103

ਨਵਜੋਤ ਸਿੱਧੂ ਕਾਂਗਰਸ ਵੱਲੋਂ ਲਏ ਫੰਡਾਂ ਬਾਰੇ ਵੀ ਕਰਨ ਟਵੀਟ

ਕੇਂਦਰ ਦੀਆਂ ਗਾਇਡ ਲਾਇਨਾਂ ਅਨੁਸਾਰ ਪ੍ਰਾਈਵੇਟ ਬਿਜਲੀ ਕੰਪਨੀਆਂ ਪਾਵਰ ਪਲਾਂਟਾਂ ਨੂੰ ਕਰਨ ਅਪਗ੍ਰੇਡ

ਚੰਡੀਗੜ੍ਹ : ‘ਪੰਜਾਬ ਵਿੱਚ ਬਿਜਲੀ ਪਲਾਂਟ ਲਾਉਣ ਵਾਲੀਆਂ ਪ੍ਰਾਈਵੇਟ ਬਿਜਲੀ ਕੰਪਨੀਆਂ ਕੋਲੋਂ ਕਾਂਗਰਸ (ਇੰਡੀਅਨ ਨੈਸ਼ਨਲ) ਪਾਰਟੀ ਨੇ ਕਰੋੜਾਂ ਰੁਪਏ ਫੰਡ ਵਜੋਂ ਲਏ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਪਲਾਂਟਾਂ ‘ਚ ਹਿਸੇਦਾਰੀ ਪਾਈ ਹੈ, ਇਸੇ ਲਈ ਪੰਜਾਬ ਵਾਸੀਆਂ ਨੂੰ ਦੇਸ਼ ਭਰ ਤੋਂ ਸਭ ਤੋਂ ਮਹਿੰਗੀ ਬਿਜਲੀ ਖ਼ਰੀਦਣੀ ਪੈ ਰਹੀ ਹੈ।’ ਇਹ ਖੁਲਾਸਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਕਰੋੜਾਂ ਰੁਪਏ ਫੰਡ ਲੈ ਕੇ ਪੰਜਾਬ ਦੀ ਬਿਜਲੀ ਵੀ ਵੇਚ ਦਿੱਤੀ ਹੈ।

ਸੋਮਵਾਰ ਨੂੰ ਪਾਰਟੀ ਦਫ਼ਤਰ ਵਿਚ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਵਿੱਚ ਤਿੰਨ ਪ੍ਰਾਈਵੇਟ ਬਿਜਲੀ ਕੰਪਨੀਆਂ ਨੇ ਬਿਜਲੀ ਪਲਾਂਟ ਸਥਾਪਤ ਕੀਤੇ ਹਨ ਅਤੇ ਕਾਂਗਰਸ ਪਾਰਟੀ ਨੇ ਇਨਾਂ ਸਾਰੀਆਂ ਕੰਪਨੀਆਂ ਤੋਂ 15.35 ਕਰੋੜ ਰੁਪਏ ਲਏ ਹਨ। ਇਸ ਸੰਬੰਧੀ ਵੇਰਵਾ ਦਿੰਦਿਆਂ ਭਗਵੰਤ ਮਾਨ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਤਲਵੰਡੀ ਸਾਬੋ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਐਲ ਐਂਡ ਟੀ ਕੰਪਨੀ ਤੋਂ ਪਹਿਲਾਂ ਇੱਕ ਕਰੋੜ, ਫਿਰ 2 ਕਰੋੜ 25 ਲੱਖ ਅਤੇ ਤੀਜੀ ਵਾਰ 5 ਕਰੋੜ ਫੰਡ ਵਜੋਂ ਲਏ ਹਨ। ਇਸੇ ਤਰਾਂ ਰਾਜਪੁਰਾ ਵਿਖੇ ਬਿਜਲੀ ਪਲਾਂਟ ਲਾਉਣ ਵਾਲੀ ਕੰਪਨੀ ਤੋਂ ਪਹਿਲਾਂ 5 ਕਰੋੜ ਅਤੇ ਫਿਰ 2 ਕਰੋੜ ਰੁਪਏ ਪ੍ਰਾਪਤ ਕੀਤੇ ਹਨ, ਜਦੋਂ ਕਿ ਜੀਬੀਕੇ ਕੰਪਨੀ ਤੋਂ 10 ਲੱਖ ਰੁਪਏ ਫੰਡ ਵਜੋਂ ਹਾਸਲ ਕੀਤੇ ਹਨ। ਮਾਨ ਨੇ ਦੱਸਿਆ ਕਿ ਇਹੋ ਕਾਰਨ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਪ੍ਰਾਈਵੇਟ ਬਿਜਲੀ ਸਮਝੌਤੇ ਰੱਦ ਨਹੀਂ ਕਰਦੀ ਕਿਉਂਕਿ ਬਿਜਲੀ ਕੰਪਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੇ ਘਰ ਤੱਕ ਪੈਸਿਆਂ ਦੀ ਵਰਖਾ ਕੀਤੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ‘ਤੇ ਟਿੱਪਣੀ ਕਰਦਿਆਂ ਮਾਨ ਨੇ ਕਿਹਾ ‘ਕਾਂਗਰਸ ਸਰਕਾਰ ਦੇ ਹੱਥ ਬੰਨੇੇ ਹੋਏ ਨਹੀਂ, ਸਗੋਂ ਰਿਸ਼ਵਤ ਨਾਲ ਰੰਗੇ ਹੋਏ ਹਨ।’

ਬਿਜਲੀ ਸਮਝੌਤਿਆਂ ਬਾਰੇ ਅਕਾਲੀ ਦਲ ਬਾਦਲ ‘ਤੇ ਟਿੱਪਣੀ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲਏ, ਸਗੋਂ ਬਿਜਲੀ ਪਲਾਂਟਾਂ ਵਿੱਚ ਹਿੱਸਾ ਪਾਇਆ ਹੈ, ਜਿਸ ਬਾਰੇ ਸਾਰਾ ਪੰਜਾਬ ਚੰਗੀ ਤਰਾਂ ਜਾਣਦਾ ਹੈ। ਉਨਾਂ ਕਿਹਾ ਕਿ ਸੁਖਬੀਰ ਬਾਦਲ ਨੂੰ ਕਾਂਗਰਸ ਪਾਰਟੀ ਵੱਲੋਂ ਲਈ ਰਿਸ਼ਵਤ ਬਾਰੇ ਪਤਾ ਹੈ, ਇਸੇ ਲਈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸਮਝੌਤੇ ਰੱਦ ਕਰਨ ਦੀ ਚਣੌਤੀ ਦੇ ਰਿਹਾ ਹੈ। ਭਗਵੰਤ ਮਾਨ ਨੇ ਸਾਬਕਾ ਮੰਤਰੀ ਅਤੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਤਾਹਨਾ ਮਾਰਦਿਆਂ ਕਿਹਾ ‘ਸਿੱਧੂ ਸਾਬ ਕਾਂਗਰਸ ਪਾਰਟੀ ਵੱਲੋਂ ਬਿਜਲੀ ਕੰਪਨੀਆਂ ਤੋਂ ਲਏ ਕਰੋੜਾਂ ਰੁਪਏ ਬਾਰੇ ਵੀ ਇੱਕ ਟਵੀਟ ਠੋਕੋ।’

ਸੰਸਦ ਮੈਂਬਰ ਭਗਵੰਤ ਮਾਨ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨਾਂ ਦੀ ਪਾਰਟੀ ਨੇ ਆਦਲਤ ਵਿੱਚ ਬਿਜਲੀ ਪਲਾਂਟਾਂ ਦੇ ਅੱਪਗਰੇਡ (ਨਵੀਨੀਕਰਨ) ਦੀ ਮੰਗ ਕੀਤੀ ਹੈ, ਜੋ ਕਿ ਕੇਂਦਰ ਸਰਕਾਰ ਨੇ ਪ੍ਰਾਈਵੇਟ ਬਿਜਲੀ ਪਲਾਂਟਾਂ ਬਾਰੇ ਬਣਾਈ ਯੋਜਨਾ ਵਿੱਚ ਗਾਇਡ ਲਾਇਨਾਂ ਵਜੋਂ ਲਿਖੀ ਹੋਈ ਹੈ, ਪਰ ਸੁਖਬੀਰ ਬਾਦਲ ਨੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਵਿੱਚ ਇਨਾਂ ਗਾਇਡ ਲਾਇਨਾਂ ਨੂੰ ਸ਼ਾਮਲ ਹੀ ਨਹੀਂ ਕੀਤਾ। ਮਾਨ ਨੇ ਕਿਹਾ ਬਿਜਲੀ ਪਲਾਂਟਾਂ ਦਾ ਨਵੀਨੀਕਰਨ ਕਰਨਾ ਜ਼ਰੂਰੀ ਹੁੰਦਾ ਤਾਂ ਜੋ ਪਲਾਂਟਾਂ ਨਾਲ ਫੈਲ ਰਹੇ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨੂੰ ਰੋਕਿਆ ਜਾਵੇ ਕਿਉਂਕਿ ਇਸ ਪ੍ਰਦੂਸ਼ਣ ਨਾਲ ਲੋਕਾਂ ਨੂੰ ਕੈਂਸਰ, ਦਮਾ ਸਮੇਤ ਹੋਰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਸਮੇਤ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਤੇ ਪਾਣੀ ਦੇਣ ਦੇ ਨਾਲ ਨਾਲ ਭ੍ਰਿਸ਼ਟਾਚਾਰ ਮੁਕਤ ਸਾਸ਼ਨ ਦੇਣ ਲਈ ਯਤਨਸ਼ੀਲ ਹੈ।

LEAVE A REPLY

Please enter your comment!
Please enter your name here