ਰੋਪੜ ਵਿੱਚ ਇਕ ਦਿਲ ਦਿਲਹਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਵਕੀਲ ਪੁੱਤ ਵੱਲੋਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ ਆਪਣੀ ਮਾਂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਵਕੀਲ ਆਪਣੀ ਪਤਨੀ ਅਤੇ ਨਾਬਾਲਗ ਪੁੱਤਰ ਨਾਲ ਮਿਲਕੇ ਬਜ਼ੁਰਗ ਮਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦਾ।
ਇਸ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਬੀਤੇ ਦਿਨੀਂ ਬਜ਼ੁਰਗ ਮਾਂ ਦੀ ਧੀ ਮਿਲਣ ਆਈ ਤਾਂ ਉਸ ਨੂੰ ਕੁਝ ਸ਼ੱਕ ਲੱਗਿਆ। ਉਸ ਨੇ ਕਿਸੇ ਨਾ ਕਿਸੇ ਤਰ੍ਹਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਐਕਸਿਸ ਲੈ ਲਿਆ। ਇਸ ਤੋਂ ਬਾਅਦ ਵੀਡੀਓ ਰਿਕਾਰਡ ਕਰਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਨਾਂ ਦੀ ਸੁਸਾਇਟੀ ਨਾਲ ਸੰਪਰਕ ਕੀਤਾ।
ਸੁਸਾਇਟੀ ਨੇ ਰੋਪੜ ਦੀ ਸਥਾਨਕ ਪੁਲਿਸ ਨੂੰ ਨਾਲ ਲੈ ਕੇ ਬਜ਼ੁਰਗ ਨੂੰ ਛੁਡਵਾਇਆ। ਪੁਲਿਸ ਨੇ ਆਰੋਪੀ ਵਕੀਲ ਅੰਕੁਰ ਵਰਮਾ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਅੰਕੁਰ ਵਰਮਾ ਤੋਂ ਬਿਨਾਂ ਉਸਦੀ ਪਤਨੀ ਸੁਧਾ ਵਰਮਾ ਅਤੇ ਨਾਬਾਲਗ ਬੇਟੇ ਖਿਲਾਫ ਵੀ ਮਾਮਲਾ ਦਰਜ ਕਰ ਲਿਆ। ਦੂਜੇ ਪਾਸੇ ਰੋਪੜ ਬਾਰ ਐਸੋਸੀਏਸ਼ਨ ਨੇ ਵੀ ਉਸਦੀ ਮੈਂਬਰਸ਼ਿਪ ਰੱਦ ਕਰ ਦਿੱਤੀ। ਪੁਲਿਸ ਵੱਲੋਂ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਇਕ ਦਿਨ ਲਈ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ।