ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਸੰਜੀਦਗੀ ਦਿਖਾਵੇ ਭਾਰਤ ਸਰਕਾਰ- ਬੀਬੀ ਜਗੀਰ ਕੌਰ

0
88

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਅਕਾਲੀ ਸਰਕਾਰ ਵੱਲੋਂ ਬਣਾਈਆਂ ਗਈਆਂ ਯਾਦਗਾਰਾਂ ਦੀ ਮੌਜੂਦਾ ਸਰਕਾਰ ਵੱਲੋਂ ਅਣਦੇਖੀ ਦੀ ਕੀਤੀ ਨਿੰਦਾ

ਸੁਧੀਰ ਸੂਰੀ ਵੱਲੋਂ ਸਿੱਖਾਂ ਵਿਰੁੱਧ ਕੀਤਾ ਕੂੜ ਪ੍ਰਚਾਰ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ- ਬੀਬੀ ਜਗੀਰ ਕੌਰ

ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਲੰਗਰ ਤੇ ਦੀਵਾਨ ਹਾਲ ਦਾ ਕੀਤਾ ਉਦਘਾਟਨ

ਰਮਦਾਸ/ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਨਾ ਖੋਲਣ ਦੇ ਮਾਮਲੇ ਵਿਚ ਭਾਰਤ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਆਖਿਆ ਕਿ ਇੰਝ ਲਗਦਾ ਹੈ ਕਿ ਜਿਵੇਂ ਭਾਰਤ ਸਰਕਾਰ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਾਕਿਸਤਾਨ ਵਿਚਲੇ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਕੇਵਲ ਸੰਗਤ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਹੀ ਖੋਲ੍ਹਿਆ ਹੋਵੇ। ਜੇਕਰ ਸਰਕਾਰ ਇਸ ਸਬੰਧ ਵਿਚ ਸੰਜੀਦਾ ਹੁੰਦੀ ਤਾਂ ਲੰਮੇਂ ਸਮੇਂ ਤੋਂ ਬੰਦ ਪਿਆ ਲਾਂਘਾ ਮੁੜ ਖੋਲਣ ਦੀ ਪਹਿਲਕਦਮੀ ਕਰਦੀ। ਉਨ੍ਹਾਂ ਕਿਹਾ ਕਿ ਹੁਣ ਜਦੋਂ ਧਾਰਮਿਕ ਅਸਥਾਨ ਅਤੇ ਹੋਰ ਜਨਤਕ ਥਾਵਾਂ ਖੋਲੀਆਂ ਜਾ ਚੁੱਕੀਆਂ ਹਨ ਤਾਂ ਕਰਤਾਰਪੁਰ ਸਾਹਿਬ ਲਾਂਘੇ ’ਤੇ ਕੋਰੋਨਾ ਦਾ ਬਾਹਨਾ ਨਹੀਂ ਰਹਿਣਾ ਚਾਹੀਦਾ।

ਬੀਬੀ ਜਗੀਰ ਕੌਰ ਅੰਮ੍ਰਿਤਸਰ ਦੇ ਕਸਬਾ ਰਮਦਾਸ ’ਚ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨ ਵਿਖੇ ਲੰਗਰ ਹਾਲ ਅਤੇ ਦੀਵਾਨ ਹਾਲ ਦਾ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਭਾਰਤ ਸਰਕਾਰ ਨੂੰ ਤੁਰੰਤ ਖੋੋਲਣਾ ਚਾਹੀਦਾ ਹੈ, ਕਿਉਂਕਿ ਇਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਸਬੰਧ ਵਿਚ ਭਾਰਤ ਸਰਕਾਰ ਨੂੰ ਕਈ ਵਾਰ ਪੱਤਰ ਲਿਖੇ ਗਏ ਹਨ ਅਤੇ ਜਲਦੀ ਹੀ ਇਕ ਹੋਰ ਪੱਤਰ ਵੀ ਲਿਖਿਆ ਜਾਵੇਗਾ।

ਇਸ ਦੌਰਾਨ ਬੀਬੀ ਜਗੀਰ ਕੌਰ ਨੇ ਅਕਾਲੀ ਸਰਕਾਰ ਵੱਲੋਂ ਬਣਾਈਆਂ ਗਈਆਂ ਵਿਰਾਸਤੀ ਯਾਦਗਾਰਾਂ ਦੀ ਮੌਜੂਦਾ ਸਰਕਾਰ ਵੱਲੋਂ ਕੀਤੀ ਜਾ ਰਹੀ ਅਣਦੇਖੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਨ੍ਹਾਂ ਯਾਦਗਾਰਾਂ ਵਿਖੇ ਬੂਟੇ ਲਗਾ ਕੇ ਵਾਤਾਵਰਣ ਨੂੰ ਸਾਫ ਸੁਥਰਾ ਬਣਾਉਣ ਲਈ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਯਾਦਗਾਰਾਂ ਸਥਾਪਤ ਕਰਕੇ ਵਿਰਸੇ ਦੀ ਜਾਣਕਾਰੀ ਨਵੀਂ ਪੀੜੀ ਤੱਕ ਪਹੁੰਚਾਉਣ ਦਾ ਵਧੀਆ ਯਤਨ ਕੀਤਾ ਸੀ, ਪਰ ਮੌਜੂਦਾ ਸਰਕਾਰ ਵੱਲੋਂ ਇਨ੍ਹਾਂ ਯਾਦਗਾਰਾਂ ਦੇ ਰੱਖ-ਰਖਾਵ ਲਈ ਸੰਜੀਦਾ ਯਤਨ ਨਹੀਂ ਕੀਤੇ ਜਾ ਰਹੇ।

ਬੀਬੀ ਜਗੀਰ ਕੌਰ ਨੇ ਇਕ ਸਵਾਲ ਦੇ ਜਵਾਬ ਵਿਚ ਸੁਧੀਰ ਸੂਰੀ ਵੱਲੋਂ ਸਿੱਖ ਸਿਧਾਂਤਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਰੁੱਧ ਕੀਤੇ ਗਏ ਕੂੜ ਪ੍ਰਚਾਰ ਨੂੰ ਉਸ ਦੀ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਪੰਜਾਬ ਦਾ ਸ਼ਾਂਤਮਈ ਮਾਹੌਲ ਨੂੰ ਜਾਣਬੁਝ ਕੇ ਖਰਾਬ ਕਰਨਾ ਚਾਹੁੰਦੇ ਹਨ ਅਤੇ ਭਾਈਚਾਰਕ ਸਾਂਝ ਨੂੰ ਤਾਰ-ਤਾਰ ਕਰਨ ਦੀ ਤਾਕ ਵਿਚ ਰਹਿੰਦੇ ਹਨ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਅਜਿਹੇ ਲੋਕਾਂ ਨੂੰ ਨੱਥ ਪਾ ਕੇ ਰਖਣੀ ਚਾਹੀਦੀ ਹੈ ਤਾਂ ਜੋ ਪੰਜਾਬ ਦਾ ਮਾਹੌਲ ਖਰਾਬ ਨਾ ਹੋਵੇ।

ਇਸ ਦੌਰਾਨ ਬੀਬੀ ਜਗੀਰ ਕੌਰ ਨੇ ਗੁਰਦੁਆਰਾ ਤਪ ਅਸਥਾਨ ਬਾਬਾ ਬੁੱਢਾ ਸਾਹਿਬ ਰਮਦਾਸ ਵਿਖੇ ਲੰਗਰ ਹਾਲ ਅਤੇ ਦੀਵਾਨ ਹਾਲ ਦਾ ਉਦਘਾਟਨ ਕਰਨ ਤੋਂ ਇਲਾਵਾ ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਵਿਖੇ ਪ੍ਰਬੰਧਕੀ ਬਲਾਕ ਦੇ ਨੀਂਹ ਪੱਥਰ ਤੋਂ ਪਰਦਾ ਵੀ ਹਟਾਇਆ। ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਸ. ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕਸਬਾ ਰਮਦਾਸ ਵਿਖੇ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਜੀ ਨਾਲ ਸਬੰਧਤ ਕਾਰਜ ਕਰਵਾਉਣ ਲਈ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ ਤੇ ਹਲਕਾ ਮੈਂਬਰ ਮਾਸਟਰ ਅਮਰੀਕ ਸਿੰਘ ਵਿਛੋਆ ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦਾ ਸਨਮਾਨ ਵੀ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਡਾ. ਅਵਤਾਰ ਕੌਰ ਅਜਨਾਲਾ, ਬਾਬਾ ਜਗਤਾਰ ਸਿੰਘ ਤਰਨਤਾਰਨ ਵਾਲੇ, ਬਾਬਾ ਗੁਰਮੀਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ, ਮਾਸਟਰ ਅਮਰੀਕ ਸਿੰਘ ਵਿਛੋਆ, ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਕੁਲਦੀਪ ਸਿੰਘ ਤੇੜਾ, ਬੀਬੀ ਜੋਗਿੰਦਰ ਕੌਰ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਸ. ਪ੍ਰਤਾਪ ਸਿੰਘ, ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਮੈਨੇਜਰ ਸ. ਹਰਵਿੰਦਰ ਸਿੰਘ ਰੂਪੋਵਾਲੀ, ਡਾ. ਸੁਖਬੀਰ ਸਿੰਘ ਓਐਸਡੀ. ਸ. ਸ਼ਮਸ਼ੇਰ ਸਿੰਘ ਸ਼ੇਰਾ ਸਾਬਕਾ ਕੌਂਸਲਰ, ਸ. ਕਰਮਜੀਤ ਸਿੰਘ ਕਿਆਮਪੁਰ ਸਾਬਕਾ ਮੀਤ ਸਕੱਤਰ, ਸ. ਕਰਮਜੀਤ ਸਿੰਘ ਨਾਭਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here