ਕਪਤਾਨ ਹੀਥਰ ਨਾਈਟ (95) ਸਿਰਫ 5 ਦੌੜਾਂ ਨਾਲ ਆਪਣੇ ਸੈਂਕੜੇ ਤੋਂ ਖੁੰਝ ਗਈ ਪਰ ਆਫ ਸਪਿਨਰ ਸਨੇਹ ਰਾਣਾ ਨੇ ਆਖਰੀ ਸੈਸ਼ਨ ’ਚ ਵਿਕਟ ਕੱਢ ਕੇ ਭਾਰਤ ਦੀ ਇੰਗਲੈਂਡ ਖਿਲਾਫ 7 ਸਾਲ ਦੇ ਅੰਤਰਾਲ ਤੋਂ ਬਾਅਦ ਹੋ ਰਹੇ ਇਕਮਾਤਰ ਟੈਸਟ ਮੈਚ ਦੇ ਪਹਿਲੇ ਦਿਨ ਵਾਪਸੀ ਕਰਵਾ ਦਿੱਤੀ।
ਇੰਗਲੈਂਡ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਆਪਣੀਆਂ 6 ਵਿਕਟਾਂ 269 ਦੌੜਾਂ ’ਤੇ ਗਵਾ ਦਿੱਤੀਆਂ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀਆਂ ਟਾਪ ਕ੍ਰਮ ਦੀਆਂ 4 ਬੱਲੇਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਭਾਰਤੀ ਗੇਂਦਬਾਜ਼ਾਂ ਨੇ ਵਾਪਸੀ ਕਰਦੇ ਹੋਏ 21 ਦੌੜਾਂ ਦੇ ਅੰਤਰਾਲ ’ਚ 4 ਵਿਕਟਾਂ ਕੱਢ ਕੇ ਮੈਚ ’ਚ ਵਾਪਸੀ ਕਰ ਲਈ। ਸਲਾਮੀ ਬੱਲੇਬਾਜ਼ ਲਾਰੇਨ ਇਨਫੀਲਡ ਹਿੱਲ ਨੇ 63 ਗੇਂਦਾਂ ’ਚ ਚਾਰ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 35 ਦੌੜਾਂ ਅਤੇ ਟੈਮੀ ਬਿਉਮੋਂਟ ਨੇ 144 ਗੇਂਦਾਂ ’ਚ 6 ਚੌਕਿਆਂ ਦੇ ਸਹਾਰੇ 44 ਦੌੜਾਂ ਬਣਾਈਆਂ। ਕਪਤਾਨ ਹੀਥਰ ਨਾਈਟ ਨੇ ਇਕ ਪਾਸਾ ਸੰਭਾਲ ਕੇ ਮਜ਼ਬੂਤੀ ਨਾਲ ਖੇਡਦੇ ਹੋਏ 175 ਗੇਂਦਾਂ ’ਚ 9 ਚੌਕਿਆਂ ਦੀ ਮਦਦ ਨਾਲ 95 ਦੌੜਾਂ ਬਣਾਈਆਂ ।
ਹੀਥਰ ਦੀ ਵਿਕਟ 244 ਦੇ ਸਕੋਰ ’ਤੇ ਡਿੱਗੀ। ਹੀਥਰ ਨੇ ਇਸ ਤੋਂ ਪਹਿਲਾਂ ਨਤਾਲੀ ਸ਼ਿਵਰ ਦੇ ਨਾਲ ਤੀਜੀ ਵਿਕਟ ਲਈ 90 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਸ਼ਿਵਰ ਨੇ 75 ਗੇਂਦਾਂ ’ਤੇ 6 ਚੌਕਿਆਂ ਦੇ ਸਹਾਰੇ 42 ਦੌੜਾਂ ਬਣਾਈਆਂ। ਸਨੇਹ ਰਾਣਾ ਨੇ ਵਿਕਟਕੀਪਰ ਏਮੀ ਏਲੇਨ ਜੋਂਸ ਨੂੰ ਸਿਰਫ ਇਕ ਦੌੜਾਂ ਉੱਤੇ ਪਵੈਲੀਅਨ ਦਾ ਰਸਤਾ ਦਿਖਾ ਦਿੱਤੀ। ਇੰਗਲੈਂਡ ਨੇ ਆਪਣੀ ਚੌਥੀ ਵਿਕਟ 236 ਦੇ ਸਕੋਰ ’ਤੇ ਗਵਾਈ। ਇੰਗਲੈਂਡ ਦਾ ਸਕੋਰ 244 ਦੌੜਾਂ ’ਤੇ ਪੁੱਜਾ ਹੀ ਸੀ ਕਿ ਦੀਪਤੀ ਦੀ ਸ਼ਾਨਦਾਰ ਗੇਂਦ ’ਤੇ ਹੀਥਰ ਪਗਬਾਧਾ ਹੋ ਗਈ। ਭਾਰਤ ਵੱਲੋਂ ਸਨੇਹ ਰਾਣਾ ਨੇ 29 ਓਵਰਾਂ ’ਚ 77 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।