ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਦਾ ਹਰ ਵਿਅਕਤੀ ਤੇ ਵਪਾਰ ਪ੍ਰਭਾਵਿਤ ਹੋਇਆ ਹੈ। ਇਸ ਮਹਾਂਮਾਰੀ ਕਾਰਨ ਹਰ ਕਿਸੇ ਨੂੰ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ।ਇਸੇ ਤਰ੍ਹਾਂ ਸਿਨੇਮਾ ਘਰ ਵੀ ਇਸ ਤੋਂ ਪ੍ਰਭਾਵਿਤ ਹੋਏ ਹਨ। ਬਹੁਤ ਸਮੇਂ ਤੱਕ ਇਨ੍ਹਾਂ ਨੂੰ ਬੰਦ ਰੱਖਿਆ ਗਿਆ ਹੈ। ਇਸੇ ਦੌਰਾਨ ਸਿਨੇਮਾ ਥੋੜ੍ਹੇ ਸਮੇਂ ਲਈ ਖੁੱਲ੍ਹੇ ਪਰ ਦੂਜੀ ਲਹਿਰ ਕਾਰਨ ਸਿਰਫ ਭਾਰਤ ’ਚ ਮੁੜ ਤੋਂ ਬੰਦ ਹੋ ਗਏ। ਹੁਣ ਅਖੀਰ ’ਚ ਅਜਿਹਾ ਲੱਗਦਾ ਹੈ ਕਿ ਹੁਣ ਹੌਲੀ-ਹੌਲੀ ਪਹਿਲਾਂ ਵਾਂਗ ਲੋਕ ਸਿਨੇਮਾ ਘਰਾਂ ‘ਚ ਜਾ ਸਕਣਗੇ। ਇਸ ਹਫਤੇ ਆਖਿਰਕਾਰ ਡੇਢ ਸਾਲ ਬਾਅਦ ਐਮੀ ਵਿਰਕ ਤੇ ਸੋਨਮ ਬਾਜਵਾ ਦੀ ਫਿਲਮ ‘ਪੁਆੜਾ’ ਵੱਡੇ ਪਰਦੇ ’ਤੇ ਰਿਲੀਜ਼ ਹੋਣ ਜਾ ਰਹੀ ਹੈ।
‘ਪੁਆੜਾ’ ਇਕ ਪੰਜਾਬੀ ਸ਼ਬਦ ਹੈ, ਜਿਸ ਦਾ ਅਰਥ ਹੈ ਪੰਗਾ/ਝਗੜਾ ਤੇ ਟਰੇਲਰ ਦੇਖਣ ਤੋਂ ਬਾਅਦ ਕੋਈ ਵੀ ਦੇਖ ਸਕਦਾ ਹੈ ਕਿ ਇਹ ‘ਪੁਆੜਾ’ ਕਾਮੇਡੀ, ਮਨੋਰੰਜਨ, ਰੋਮਾਂਸ ਤੇ ਪਾਗਲਪਣ ਨਾਲ ਭਰਿਆ ਹੈ। ਐਮੀ ਕਹਿੰਦੇ ਹਨ, ‘ਇਹ ਹਰ ਕਿਸੇ ਲਈ ਦੋ ਘੰਟੇ ਦੇਖ ਕੇ, ਆਪਣੀਆਂ ਸਾਰੀਆਂ ਚਿੰਤਾਵਾਂ ਨੂੰ ਭੁੱਲ ਜਾਣ ਤੇ ਸਿਨੇਮਾਘਰਾਂ ’ਚ ਹਾਸੇ-ਮਜ਼ਾਕ ਦਾ ਮਜ਼ਾ ਲੈਣ ਲਈ ਇਕਦਮ ਸਹੀ ਫ਼ਿਲਮ ਹੈ।’
ਐਮੀ ਵਿਰਕ ਤੇ ਸੋਨਮ ਬਾਜਵਾ ਨੇ ਕਈ ਫਿਲਮਾਂ ‘ਚ ਇੱਕਠੇ ਕੰਮ ਕੀਤਾ ਹੈ ਤੇ ਹਰ ਵਾਰ ਜਦੋਂ ਉਹ ਸਕ੍ਰੀਨ ’ਤੇ ਆਏ ਤਾਂ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ।ਇਸ ’ਤੇ ਸੋਨਮ ਬਾਜਵਾ ਕਹਿੰਦੀ ਹੈ, ‘ਸਾਡੀ ਕੈਮਿਸਟਰੀ ਸੁਭਾਵੀ ਹੈ ਤੇ ਸਕ੍ਰੀਨ ’ਤੇ ਜਾਦੂ ਚਲਾਉਂਦੀ ਹੈ। ਸਾਡੀ ਪਹਿਲੀ ਫ਼ਿਲਮ ਤੋਂ ਹੀ ਐਮੀ ਤੇ ਮੈਨੂੰ ਇੱਕ-ਦੂਜੇ ਨਾਲ ਹਮੇਸ਼ਾ ਤੋਂ ਸਹਿਜਤਾ ਮਿਲੀ ਹੈ ਤੇ ਇਹੀ ਦਰਸ਼ਕਾਂ ਨੂੰ ਪਸੰਦ ਹੈ।’ ਇਹ ਦੋਵੇਂ ਮੁੱਖ ਜੋੜੀ ਦੇ ਰੂਪ ’ਚ ਸਕ੍ਰੀਨ ’ਤੇ ਚੌਥੀ ਵਾਰ ਜਾਦੂ ਚਲਾਉਣ ਲਈ ਕਾਫੀ ਉਤਸ਼ਾਹਿਤ ਹਨ।
ਰੁਪਿੰਦਰ ਚਾਹਲ ਵਲੋਂ ਡਾਇਰੈਕਟ ‘ਪੁਆੜਾ’, ਏ ਐਂਡ ਏ ਪਿਕਚਰਜ਼ ਦੇ ਅਤੁਲ ਭੱਲਾ ਤੇ ਬ੍ਰੈਟ ਫ਼ਿਲਮਜ਼ ਦੇ ਪਵਨ ਗਿੱਲ, ਅਨੁਰਾਗ ਸਿੰਘ, ਅਮਨ ਗਿੱਲ ਵਲੋਂ ਨਿਰਮਿਤ, ਜ਼ੀ ਸਟੂਡੀਓਜ਼ ਵਲੋਂ ਇਸ ਵੀਰਵਾਰ 12 ਅਗਸਤ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ।