ਅੰਮ੍ਰਿਤਸਰ ਵਿਕਾਸ ਮੰਚ ਸੇਵਾ ਟਰੱਸਟ ਯੂਕੇ ਦੇ ਪੰਜਾਬੀ ਭਾਈਚਾਰੇ ਨੇ ਟਾਟਾ ਗਰੁੱਪ ਅਧੀਨ ਏਅਰ ਇੰਡੀਆ ਵੱਲੋਂ ਅੰਮ੍ਰਿਤਸਰ-ਲੰਡਨ ਹੀਥਰੋ ਸਿੱਧੀ ਉਡਾਣ ਨੂੰ 27 ਮਾਰਚ ਤੋਂ ਹਫ਼ਤੇ ‘ਚ ਇਕ ਦਿਨ ਤੋਂ ਵਧਾ ਕੇ ਤਿੰਨ ਉਡਾਣਾਂ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ।
ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਸਮੀਪ ਸਿੰਘ ਗੁਮਟਾਲਾ (ਯੂਐਸਏ) ਤੇ ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ‘ਚ ਕਿਹਾ ਕਿ ਕਰੋਨਾ ਮਹਾਮਾਰੀ ਤੇ ਰੈਗੂਲਰ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਦੇ ਵਿਚਕਾਰ ਇਸ ਪ੍ਰਸਿੱਧ ਉਡਾਣ ਦੀ ਗਿਣਤੀ ‘ਚ ਵਾਧਾ ਯੂਕੇ ‘ਚ ਰਹਿੰਦੇ ਪੰਜਾਬੀ ਪ੍ਰਵਾਸੀਆਂ ਲਈ ਚੰਗੀ ਖ਼ਬਰ ਲੈ ਕੇ ਆਇਆ ਹੈ।
ਗੁਮਟਾਲਾ ਨੇ ਦੱਸਿਆ ਕਿ ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਤਾਜ਼ਾ ਸਮਾਂਸੂਚੀ ਅਨੁਸਾਰ ਏਅਰ ਇੰਡੀਆ ਦੀ ਉਡਾਣ ਏਆਈ 170 ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਲੰਡਨ ਹੀਥਰੋ ਤੋਂ ਉਡਾਣ ਭਰੇਗੀ ਅਤੇ ਅੰਮ੍ਰਿਤਸਰ ਤੋਂ ਉਡਾਣ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਰਵਾਨਾ ਹੋਵੇਗੀ। ਏਅਰ ਇੰਡੀਆ ਇਸ ਰੂਟ ‘ਤੇ 256 ਸੀਟਾਂ ਵਾਲਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਚਲਾਉਂਦੀ ਹੈ ਜਿਸ ‘ਚ 238 ਇਕੋਨੋਮੀ ਅਤੇ 18 ਬਿਜ਼ਨਸ ਕਲਾਸ ਸੀਟਾਂ ਹਨ।
ਇਹਨਾਂ ਸਿੱਧੀਆਂ ਉਡਾਣਾਂ ਦੀ ਬੁਕਿੰਗ ਅਕਤੂਬਰ 2022 (ਏਅਰਲਾਈਨਾਂ ਲਈ ਗਰਮੀਆਂ ਦੀ ਸਮਾਂ-ਸਾਰਣੀ ਦੇ ਅੰਤ) ਤਕ ਉਪਲਬਧ ਹੈ। ਵਰਤਮਾਨ ‘ਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਉਡਾਣਾਂ ਭਾਰਤ ਦੁਆਰਾ ਕਈ ਦੇਸ਼ਾਂ ਨਾਲ ਕੀਤੇ ਗਏ ਅਸਥਾਈ ਹਵਾਈ ਸਮਝੌਤਿਆਂ (ਏਅਰ ਬੱਬਲ) ਦੇ ਤਹਿਤ ਚੱਲ ਰਹੀਆਂ ਹਨ।
ਗੁਮਟਾਲਾ ਦੇ ਦੱਸਿਆ ਕਿ ਏਅਰ ਇੰਡੀਆ ਇਸ ਵੇਲੇ ਹਫ਼ਤੇ ਵਿੱਚ ਇਕ ਦਿਨ ਸਿੱਧੀ ਅੰਮ੍ਰਿਤਸਰ-ਬਰਮਿੰਘਮ ਉਡਾਣ ਵੀ ਚਲਾ ਰਹੀ ਹੈ। ਸਾਨੂੰ ਉਮੀਦ ਹੈ ਕਿ ਭਵਿੱਖ ਵਿੱਚ ਏਅਰ ਬੱਬਲ ਖਤਮ ਹੋਣ ਤੋਂ ਬਾਦ ਇਹਨਾਂ ਉਡਾਣਾਂ ਦੀ ਗਿਣਤੀ ਵੀ ਵਧੇਗੀ। ਪੰਜਾਬ ਤੇ ਯੂਕੇ ਦਰਮਿਆਨ ਹਵਾਈ ਸਫਰ ਸਿਰਫ਼ 8-9 ਘੰਟਿਆਂ ‘ਚ ਪੂਰਾ ਹੋ ਜਾਂਦਾ ਹੈ ਅਤੇ ਯਾਤਰੀ ਦਿੱਲੀ ਰਾਹੀਂ ਹੁੰਦੀ ਖੱਜਲ ਖ਼ੁਆਰੀ ਤੋਂ ਵੀ ਬੱਚ ਸਕਣਗੇ। ਇਹਨਾਂ ਉਡਾਣਾਂ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ।
ਇੱਥੋਂ ਤੱਕ ਕਿ ਉਦਯੋਗ ਤੇ ਕਿਸਾਨਾਂ ਨੂੰ ਵੀ ਯੂਕੇ ਲਈ ਵਧੇਰੇ ਸਿੱਧੀਆਂ ਉਡਾਣਾਂ ਦਾ ਲਾਭ ਹੋਵੇਗਾ ਕਿਉਂਕਿ ਉਹ ਕਾਰਗੋ ਭੇਜਣ ਦੇ ਯੋਗ ਹੋਣਗੇ। ਸੇਵਾ ਟਰੱਸਟ ਯੂਕੇ ਦੇ ਸੰਸਥਾਪਕ ਚੇਅਰਮੈਨ ਚਰਨ ਕੰਵਲ ਸਿੰਘ ਸੇਖੋਂ ਜਿਨ੍ਹਾਂ ਨੂੰ ਹਾਲ ਹੀ ‘ਚ ਯੂਕੇ ਦੇ ਵੱਖ-ਵੱਖ ਭਾਈਚਾਰਿਆਂ ਲਈ ਯੋਗਦਾਨ ਅਤੇ ਸਮਾਜ ਸੇਵਾ ਲਈ ਗ੍ਰੇਟ ਬ੍ਰਿਟੇਨ ਦੀ ਮਹਾਰਾਣੀ ਦੁਆਰਾ ਰਾਸ਼ਟਰੀ ਸਨਮਾਨ (ਐਮਬੀਈ) ਨਾਲ ਸਨਮਾਨਿਤ ਕੀਤਾ ਗਿਆ ਸੀ, ਨੇ ਕਿਹਾ ਕਿ ਸੇਵਾ ਟਰੱਸਟ ਯੂਕੇ ਦੇ ਸਮੂਹ ਮੈਂਬਰਾਂ ਦੀ ਤਰਫ਼ੋਂ ਮੈਂ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ ਅਤੇ ਟਾਟਾ /ਏਅਰ ਇੰਡੀਆ ਦੁਆਰਾ ਦੇ ਨਵੇਂ ਪ੍ਰਬੰਧਕਾਂ ਦੇ ਇਸ ਸ਼ਾਨਦਾਰ ਫੈਸਲੇ ਲਈ ਦਿਲੋਂ ਧੰਨਵਾਦੀ ਹਾਂ।
ਯੂਕੇ ‘ਚ ਰਹਿੰਦੇ ਸਮੁੱਚੇ ਪੰਜਾਬੀ ਅਤੇ ਭਾਰਤੀ ਪ੍ਰਵਾਸੀਆਂ ਦੇ ਫਾਇਦੇ ਲਈ ਜੋ ਸਿੱਧੇ ਪੰਜਾਬ ਦੀ ਹਵਾਈ ਯਾਤਰਾ ਕਰਨਾ ਚਾਹੁੰਦੇ ਹਨ ਅਸੀਂ ਅੰਮ੍ਰਿਤਸਰ ਵਿਕਾਸ ਮੰਚ ਦੇ ਨਾਲ ਮਿਲ ਕੇ ਪਿਛਲੇ ਪੰਜ ਸਾਲਾਂ ਤੋਂ ਇਸ ਲਈ ਸਾਂਝੀ ਮੁਹਿੰਮ ਚਲਾਈ ਹੈ ਅਤੇ ਬਹੁਤ ਹੀ ਲਗਨ ਨਾਲ ਕੰਮ ਕੀਤਾ ਹੈ। ਅਸੀਂ ਇਸ ਮੁੱਦੇ ਨੂੰ ਭਾਰਤ ਪੰਜਾਬ ਅਤੇ ਯੂਕੇ ਸਰਕਾਰ, ਯੂਕੇ ਦੇ ਭਾਰਤੀ ਹਾਈ ਕਮਿਸ਼ਨ ਦੇ ਨਾਲ-ਨਾਲ ਭਾਰਤ ਦੇ ਹਵਾਬਾਜੀ ਮੰਤਰਾਲੇ ਅਤੇ ਏਅਰ ਇੰਡੀਆ ਕੋਲ ਉਠਾਇਆ ਹੈ ਅਤੇ ਲੰਡਨ ਤੋਂ ਪੰਜਾਬ ਲਈ ਸਿੱਧੀਆਂ ਉਡਾਣਾਂ ਦੀ ਇਸ ਮੰਗ ਨੂੰ ਉਜਾਗਰ ਕੀਤਾ ਹੈ।
ਅਸੀਂ ਭਾਰਤ ਸਰਕਾਰ ਏਅਰ ਇੰਡੀਆ ਅਤੇ ਸ਼੍ਰੀ ਹਰਦੀਪ ਸਿੰਘ ਪੁਰੀ ਦਾ 2019 ‘ਚ ਗੁਰੂ ਨਾਨਕ ਦੇਵ ਜੀ 550 ਸਾਲਾਂ ਗੁਰਪੂਰਬ ਮੌਕੇ ਲੰਡਨ ਸਟੈਨਸਟੇਡ ਤੋਂ ਅੰਮ੍ਰਿਤਸਰ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਅਤੇ ਹੁਣ ਟਾਟਾ ਵਲੋਂ ਮਾਰਚ ਤੋਂ ਲੰਡਨ ਹੀਥਰੋ ਲਈ ਉਡਾਣਾਂ ਦੀ ਗਿਣਤੀ ਵਧਾਉਣ ਦੇ ਫੈਸਲਾ ਲਈ ਧੰਨਵਾਦੀ ਹਾਂ।