ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਚੌਥੇ ਪੜਾਅ ’ਚ 59 ਸੀਟਾਂ ’ਤੇ ਵੋਟਿੰਗ ਜਾਰੀ ਹੈ। ਇਸ ਪੜਾਅ ਵਿਚ ਪੀਲੀਭੀਤ, ਲਖੀਮਪੁਰ ਖੀਰੀ, ਸੀਤਾਪੁਰ, ਹਰਦੋਈ, ਉਨਾਵ, ਰਾਏਬਰੇਲੀ, ਫਤਿਹਪੁਰ, ਬਾਂਦਾ ਅਤੇ ਲਖਨਊ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ। ਇਨ੍ਹਾਂ ਸੀਟਾਂ ’ਤੇ 11 ਵਜੇ ਤੱਕ 22.62 ਫ਼ੀਸਦੀ ਵੋਟਿੰਗ ਹੋ ਚੁੱਕੀ ਹੈ। ਦਿੱਗਜ਼ ਨੇਤਾਵਾਂ ਸਮੇਤ ਆਮ ਜਨਤਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਈ ਆਪਣੇ-ਆਪਣੇ ਪੋਲਿੰਗ ਬੂਥ ਪਹੁੰਚ ਰਹੇ ਹਨ। ਉੱਥੇ ਹੀ ਲਖੀਮਪੁਰ ਖੀਰੀ ਦੇ ਤਿਕੁਨੀਆ ਇਲਾਕੇ ’ਚ 350 ਤੋਂ ਵੱਧ ਪਿੰਡ ਵਾਸੀ ਮੋਹਾਨਾ ਨਦੀ ਪਾਰ ਕਰ ਕੇ ਵੋਟਾਂ ਪਾਉਣ ਪੁੱਜੇ।
ਤਿਕੁਨੀਆ ਇਲਾਕੇ ਵਿਚ ਨਦੀ ਪਾਰ ਕਰਦੇ ਹੋਏ ਪਿੰਡ ਵਾਸੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ’ਚ ਵੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ’ਚ ਲੋਕ ਕਿਸ਼ਤੀ ਦੇ ਸਹਾਰੇ ਪੋਲਿੰਗ ਬੂਥ ਜਾਣ ਲਈ ਤਿਆਰ ਹਨ। ਇਸ ਦੌਰਾਨ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਪੋਲਿੰਗ ਬੂਥ ਨਦੀ ਪਾਰ ਹੈ। ਉਹ ਇੱਕ-ਇੱਕ ਵੋਟ ਦੇ ਮਹੱਤਵ ਨੂੰ ਸਮਝਦੇ ਹਨ, ਇਸ ਲਈ ਨਦੀ ਪਾਰ ਕਰ ਕੇ ਵੋਟਿੰਗ ਲਈ ਜਾ ਰਹੇ ਹਾਂ।
ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿਚ ਚੌਥੇ ਪੜਾਅ ਤਹਿਤ 9 ਜ਼ਿਲ੍ਹਿਆਂ ਵਿਚ ਵੋਟਾਂ ਪੈ ਰਹੀਆਂ ਹਨ। ਇੱਥੇ ਕੁੱਲ 59 ਸੀਟਾਂ ’ਤੇ 624 ਉਮੀਦਵਾਰ ਮੈਦਾਨ ਵਿਚ ਹਨ, ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ 2.14 ਕਰੋੜ ਵੋਟਰ ਕਰਨਗੇ।