ਕਿਸੇ ਵੇਲੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨਾਲ ਸੰਬੰਧਤ ਰਹੇ ਅਤੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਜਲੰਧਰ ਦੇ ਹਰਿੰਦਰ ਸਿੰਘ ਕਾਹਲੋਂ ਐਡਵੋਕੇਟ, ਜਿਨ੍ਹਾਂ ਨੂੰ ਬੀਤੇ ਦਿਨੀਂ ਭਾਜਪਾ ਪੰਜਾਬ ਦਾ ਬੁਲਾਰਾ ਨਿਯੁਕਤ ਕੀਤਾ ਗਿਆ ਹੈ, ਨੇ ‘ਬੁਲਾਰੇ’ ਵਜੋਂ ਆਪਣੀ ਪਹਿਲੀ ਕਾਰਗੁਜ਼ਾਰੀ ਵਿੱਚ ਹੀ ਕਿਸਾਨਾਂ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ।
ਆਪਣੀ ਨਵੀਂ ਪਾਰਟੀ ਅਤੇ ਲੀਡਰਸ਼ਿਪ ਨਾਲ ਨਵੀਂ ਨਵੀਂ ਵਫ਼ਾਦਾਰੀ ਸਾਬਿਤ ਕਰਨ ਲਈ ਜਿਹੜੀ ਭਾਸ਼ਾ ਸ:ਕਾਹਲੋਂ ਨੇ ਵਰਤੀ ਹੈ, ਉਹ ਅਜੇ ਤੱਕ ਭਾਜਪਾ ਦੇ ਕਿਸੇ ਆਗੂ ਨੇ ਵੀ ਜਨਤਕ ਤੌਰ ’ਤੇ ਸ਼ਾਇਦ ਹੀ ਵਰਤੀ ਹੋਵੇ।
ਜ਼ਿਕਰਯੋਗ ਹੈ ਕਿ ਭਾਜਪਾ ਦੇ ਬੁਲਾਰੇ ਬਣਨ ਤੋਂ ਬਾਅਦ ਸ: ਕਾਹਲੋਂ ਬੀਤੇ ਦਿਨੀਂ ਜਲੰਧਰ ਦੇ ਸ਼ੀਤਲਾ ਮੰਦਿਰ ਸਥਿਤ ਭਾਜਪਾ ਦੇ ਸਥਾਨਕ ਦਫ਼ਤਰ ਵਿਖ਼ੇ ਪੁੱਜੇ ਸਨ ਜਿੱਥੇ ਉਨ੍ਹਾਂ ਦੇ ਸਨਮਾਨ ਵਿੱਚ ਇਕ ਸਮਾਗਮ ਰੱਖਿਆ ਗਿਆ ਸੀ।
ਆਪਣੇ ਸੰਬੋਧਨ ਵਿੱਚ ਸ: ਕਾਹਲੋਂ ਨੇ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਖ਼ੇਤੀ ਕਾਨੂੰਨਾਂ ਨੂੰ ਸਹੀ ਠਹਿਰਾਉਣ ਤੋਂ ਇਲਾਵਾ ਜੋ ਕਿਹਾ, ਉਹ ਲਗਪਗ ਇੰਨ ਬਿੰਨ ਹੀ ਅਸੀਂ ਹੇਠਾਂ ਲਿਖ਼ ਰਹੇ ਹਾਂ।
‘‘ਇਹ ਤਾਂ ਮੋਦੀ ਸਾਹਿਬ ਬੈਠੇ ਆ ਉੱਤੇ, ਜਿਹੜੇ ਤੁਹਾਡੇ ਨਾਲ ਪਿਆਰ ਕਰੀ ਜਾ ਰਹੇ ਆ। ਜੇ ਬਦਕਿਸਮਤੀ ਨਾਲ ਮੇਰੇ ਦਿਮਾਗ ਵਾਲਾ ਬੰਦਾ ਬੈਠਾ ਹੁੰਦਾ ਤਾਂ ਹੁਣ ਤਾਂਈਂ ਮਾਰ ਮਾਰ ਡਾਂਗਾਂ ਤੁਹਾਨੂੰ ਜੇਲ੍ਹਾਂ ਵਿੱਚ ਬੰਦ ਕਰ ਦਿੰਦਾ। ਇਨ੍ਹਾਂ ਦਾ ਹੱਲ ਇਹੀ ਹੈ ਤੇ ਹੁਣ ਇਹੀ ਕਰਨਾ ਪੈਣਾ ਹੈ।’’
ਇਸ ਤੋਂ ਇਲਾਵਾ ਕਾਹਲੋਂ ਨੇ ਕਿਹਾ ਕਿ ‘‘ਜਦੋਂ ਮੈਂ ਭਾਜਪਾ ਜੁਆਇਨ ਕੀਤੀ ਤਾਂ ਮੈਨੂੰ ਪਤਾ ਨਹੀਂ ਕਿਸ ਸੱਜਣ ਦਾ ਫ਼ੋਨ ਆ ਗਿਆ। ਅਖ਼ੇ ਕਾਹਲੋਂ ਸਾਹਿਬ ਗੋਹੇ ਦੀ ਟਰਾਲੀ ਭਰੀ ਹੈ, ਤੁਹਾਡੇ ਬੂਹੇ ਅੱਗੇ ਲਾਹੁਣ ਆਉਣਾ। ਮੈਂ ਕਿਹਾ, ਵੈਲਕਮ, ਆ ਜਾਓ, ਇਕ ਮੰਜੀ ਤੇ ਚਿੱਟੀ ਚਾਦਰ ਲੈ ਕੇ ਆਇਉ ਕਿਉਂਕਿ ਜਿਨ੍ਹੇ ਟਰਾਲੀ ਲਾਹੁਣ ਆਉਣਾ ਹੈ, ਉਹਨੇ ਉਸ ਮੰਜੀ ਤੇ ਲੰਮੇ ਪੈ ਕੇ ਜਾਣਾ ਹੈ। ਭਲੇਮਾਨਸੋ, ਤੁਸੀਂ ਸਟੀਲ ਦੇ ਬਣੇ ਆਂ, ਤੇ ਮੈਂ ਪਲਾਸਟਿਕ ਦਾ ਬਣਿਆਂ।’
ਇਸ ’ਤੇ ਟਿੱਪਣੀ ਕਰਦਿਆਂ ਕਾਂਗਰਸ ਆਗੂ ਸ੍ਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਭਾਜਪਾ ਦਾ ਸਾਰਾ ਸਿਸਟਮ ਹੀ ਖ਼ਰਾਬ ਹੋਇਆ ਪਿਆ ਹੈ। ਉਹਨਾਂ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ, ‘ਇਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ, ਜੇ ਵਿਹੜਾ ਈ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ।’
ਉਹਨਾਂ ਆਖ਼ਿਆ ਕਿ ਭਾਜਪਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਸ ਤਰ੍ਹਾਂ ਦੇ ਆਗੂਆਂ ਨੂੰ ਪਾਗਲਖ਼ਾਨੇ ਦਾਖ਼ਲ ਕਰਵਾਵੇ। ਵੇਰਕਾ ਨੇ ਕਿਹਾ ਕਿ ਉਹ ਐਸੇ ਆਗੂਆਂ ਨੂੰ ਉਨ੍ਹਾਂ ਕੋਲ ਭੇਜ ਦੇਣ ਤਾਂ ਉਹ ਇਨ੍ਹਾਂ ਦਾ ਅੰਮ੍ਰਿਤਸਰ ਦੇ ਦੇ ਪਾਗਲਖ਼ਾਨੇ ਵਿੱਚ ਇਲਾਜ ਕਰਵਾ ਦੇਣਗੇ ਜਾਂ ਫ਼ਿਰ ਇਦਾਂ ਦੇ ਨਵੇਂ ਨਵੇਂ ਭਾਜਪਾ ’ਚ ਆਏ ਆਗੂਆਂ ਨੂੰ ਪਹਿਲਾਂ ਆਗਰੇ ਭੇਜਣ ਮਗਰੋਂ ਹੀ ਪੰਜਾਬ ਲਿਆਂਦਾ ਜਾਵੇ।
ਭਾਜਪਾ ਆਗੂ ਸੁਰਜੀਤ ਜਿਆਣੀ ਨੇ ਇਸੇ ਗੱਲ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਬਿਆਨ ਕਦੇ ਨਹੀਂ ਦੇਣਾ ਚਾਹੀਦਾ। ਜੇ ਕੋਈ ਬਿਆਨ ਦੇਣਾ ਹੈ ਤਾਂ ਅੱਛਾ ਬਿਆਨ ਦੇਣਾ ਚਾਹੀਦਾ ਹੈ। ਕਿਸੇ ਦੀ ਨਿੰਦਾ ਕਰਨ ਤੋਂ ਬਚਣਾ ਚਾਹੀਦਾ ਹੈ ਤਾਂ ਜੋ ਭਾਈਚਾਰਾ ਕਾਇਮ ਰਹੇ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਨੇ ਇਸ ਤਰ੍ਹਾਂ ਦਾ ਬਿਆਨ ਦਿੱਤਾ ਹੈ ਤਾਂ ਬਹੁਤ ਗ਼ਲਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਸਰ ਇਹ ਅੰਦੋਲਨ ਖ਼ਤਮ ਹੋ ਜਾਣਾ ਹੈ ਅਤੇ ਫ਼ਿਰ ਪੰਜਾਬ ਨੇ ਸਾਰਿਆਂ ਨੇ ਇਕੱਠਿਆਂ ਹੀ ਰਹਿਣਾ ਹੈ, ਇਸ ਲਈ ਭਾਈਚਾਰਾ ਬਣਿਆ ਰਹਿਣਾ ਜ਼ਰੂਰੀ ਹੈ।
ਹਰਪੁਨੀਤ ਕੌਰ