ਬਠਿੰਡਾ: ਆਜ਼ਾਦੀ ਦਿਹਾੜੇ ਦੇ ਮੌਕੇ ’ਤੇ ਅੱਜ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ, ਕੱਚੇ ਮੁਲਾਜ਼ਮ ਅਤੇ ਆਜ਼ਾਦੀ ਘੁਲਾਟੀਆਂ ਦੇ ਵਾਰਸ ਸੜਕਾਂ ’ਤੇ ਉੱਤਰ ਆਏ। ਵੱਖ-ਵੱਖ ਸੰਗਠਨਾਂ ਦੀ ਅਗਵਾਈ ਵਿੱਚ ਸੜਕਾਂ ’ਤੇ ਉੱਤਰੇ ਪ੍ਰਦਰਸ਼ਨਕਾਰੀਆਂ ਨੇ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਦੇ ਤੌਰ ’ਤੇ ਮਨਾਇਆ ਅਤੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਪ੍ਰਦਰਸ਼ਨਕਾਰੀਆਂ ਨੇ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਵਸ ਸਮਾਗਮਾਂ ਵੱਲ ਕੂਚ ਕੀਤਾ ਪਰ ਪੁਲਿਸ ਨੇ ਵੱਡੇ ਪੱਧਰ ’ਤੇ ਨਾਕਾਬੰਦੀ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਰਸਤਿਆਂ ਵਿੱਚ ਰੋਕ ਲਿਆ।
ਅੰਦੋਲਨਕਾਰੀਆਂ ਨੇ ਸੜਕਾਂ ’ਤੇ ਧਰਨੇ ਮਾਰਕੇ ਚੱਕਾ ਜਾਮ ਵੀ ਕੀਤਾ। ਆਜ਼ਾਦੀ ਦਿਹਾੜੇ ’ਤੇ ਸਵੇਰ ਤੋਂ ਸੜਕਾਂ ’ਤੇ ਅਫ਼ਰਾ ਤਫਰੀ ਮੱਚੀ ਹੋਈ ਸੀ। ਇਸ ਮੌਕੇ ਸੜਕਾਂ ’ਤੇ ਹਰ ਪਾਸੇ ਪੁਲਿਸ ਤਾਇਨਾਤ ਕੀਤੀ ਗਈ। ਇਸ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਝੰਡਾ ਲਹਿਰਾਇਆ। ਸਮਾਗਮ ਦੇ ਬਾਹਰ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਰਹੀ।