ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵ ਸਰਮਾ ਨੇ ਉਨ੍ਹਾਂ ਸਭ ਵਿਧਵਾਵਾਂ ਨੂੰ ਢਾਈ-ਢਾਈ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੀ ਯੋਜਨਾ ਸ਼ੁਰੂ ਕੀਤੀ ਹੈ, ਜਿਨ੍ਹਾਂ ਦੇ ਪਤੀ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਸੰਬੰਧੀ ਇਕ ਸ਼ਰਤ ਲਾਗੂ ਹੈ ਕਿ ਸੰਬੰਧਤ ਵਿਧਵਾ ਦੇ ਪਰਿਵਾਰ ਦੀ ਸਾਲਾਨਾ ਆਮਦਨ 5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
ਬੀਤੇ ਦਿਨੀ ਮੁੱਖ ਮੰਤਰੀ ਨੇ ਇਕ ਪ੍ਰੋਗਰਾਮ ’ਚ 8 ਜ਼ਿਲਿਆਂ ਦੀਆਂ 176 ਅਜਿਹੀਆਂ ਔਰਤਾਂ ਨੂੰ ਚੈੱਕ ਦਿੱਤੇ। ਉਨ੍ਹਾਂ ਕਿਹਾ ਕਿ ਅਜੇ ਤਕ 873 ਔਰਤਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਸਭ ਨੂੰ ਅਗਲੇ ਕੁਝ ਦਿਨਾਂ ’ਚ ਚੈੱਕ ਦੇ ਦਿੱਤੇ ਜਾਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਸਾਮ ’ਚ ਹੁਣ ਤਕ 6,159 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।