ਪੰਜਾਬ ‘ਚ ਡੇਂਗੂ ਕਾਰਨ ਹਾਲਾਤ ਬਹੁਤ ਖਰਾਬ ਹੋ ਗਏ ਹਨ। ਇਸ ਸਬੰਧੀ ਅੱਜ ਆਮ ਆਦਮੀ ਪਾਰਟੀ ਪੰਜਾਬ ਨੇ ਸਿਹਤ ਮੰਤਰੀ ਓ.ਪੀ.ਸੋਨੀ ਨਾਲ ਮੁਲਾਕਾਤ ਕਰਕੇ ਸੂਬੇ ‘ਚ ਡੇਂਗੂ ਦੀ ਸਥਿਤੀ ਤੋਂ ਜਾਣੂ ਕਰਵਾਇਆ। ਇਸ ਦੌਰਾਨ ਉਨ੍ਹਾਂ ਸਿਹਤ ਮੰਤਰੀ ਨੂੰ ਕਿਹਾ ਕਿ ਉਹ ਅਧਿਕਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਡੇਂਗੂ ਸਬੰਧੀ ਰਿਪੋਰਟ ਮੰਗਣ ਅਤੇ ਇਸ ਦੀ ਰੋਕਥਾਮ ਲਈ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦੇਣ।
ਮੀਟਿੰਗ ਤੋਂ ਬਾਅਦ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੰਗਰੂਰ, ਬਰਨਾਲਾ, ਬਠਿੰਡਾ ਆਦਿ ‘ਚ ਡੇਂਗੂ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਹੁਣ ਤੱਕ ਸਥਾਨਕ ਪੱਧਰ ‘ਤੇ ਡੇਂਗੂ ‘ਤੇ ਕਾਬੂ ਪਾਉਣ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ। ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਕਰੋਨਾ ਨਾਲੋਂ ਡੇਂਗੂ ਨਾਲ ਵੱਧ ਮੌਤਾਂ ਹੋ ਰਹੀਆਂ ਹਨ। ਪੰਜਾਬ ਵਿੱਚ ਹਰ ਸਾਲ ਡੇਂਗੂ ਦਾ ਕਹਿਰ ਦੇਖਣ ਨੂੰ ਮਿਲਦਾ ਹੈ ਪਰ ਸਮੇਂ ਸਿਰ ਕਦਮ ਨਹੀਂ ਚੁੱਕੇ ਜਾਂਦੇ। ਜੇਕਰ ਸਰਕਾਰ ਨੇ ਅਗਸਤ ਵਿੱਚ ਹੀ ਫੌਗਿੰਗ ਕਰਵਾਈ ਹੁੰਦੀ ਤਾਂ ਸ਼ਾਇਦ ਅੱਜ ਹਾਲਾਤ ਇੰਨੇ ਮਾੜੇ ਨਾ ਹੁੰਦੇ।
ਸਿਹਤ ਮੰਤਰੀ ਓ ਪੀ ਸੋਨੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਅਧਿਕਾਰੀਆਂ ਨੂੰ ਡੇਂਗੂ ਨਿਯੰਤਰਣ ਲਈ ਕਦਮ ਉਠਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਕੋਈ ਵੀ ਅਧਿਕਾਰੀ ਅਣਗਹਿਲੀ ਕਰਦਾ ਹੋਇਆ ਮਿਲਿਆ ਤਾਂ ਉਸ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਿੰਨੇ ਵੀ ਡਿਪਾਰਮੈਂਟ ਇਸ ‘ਚ ਇਨਵਾਲਵ ਹੈ ਉਨ੍ਹਾਂ ਦੇ ਨਾਲ ਬੈਠਕ ਕਰ ਰਹੇ ਹਨ।ਪ੍ਰਾਈਵੇਟ ਤੋਂ ਲੈ ਕੇ ਸਰਕਾਰੀ ਸਾਰੇ ਹਸਪਤਾਲਾਂ ‘ਚ ਖਾਸ ਨਜ਼ਰ ਹੈ।ਅਜੇ ਤੱਕ 35 ਹਜ਼ਾਰ ਟੈਸਟ ਕਰ ਚੁੱਕੇ ਹਨ।13 ਹਜ਼ਾਰ ਪਾਜ਼ੇਟਿਵ ਕੇਸ ਅਜੇ ਤੱਕ ਆਏ ਹਨ, ਜਿਨ੍ਹਾਂ ਦਾ ਇਲਾਜ ਚਲ ਰਿਹਾ ਹੈ।