‘ਆਪ’ ਵੱਲੋਂ ਏ.ਪੀ.ਐਸ ਦਿਓਲ ਨੂੰ ਹਟਾਉਣ ਲਈ ਕਾਂਗਰਸ ਸਰਕਾਰ ਨੂੰ 10 ਦਿਨਾਂ ਦਾ ਅਲਟੀਮੇਟਮ

0
50

ਗੁਰੂ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਹੈ ਏ.ਪੀ.ਐਸ ਦਿਓਲ ਨੂੰ ਐਡਵੋਕੇਟ ਜਨਰਲ ਬਣਾਉਣਾ : ਹਰਪਾਲ ਸਿੰਘ ਚੀਮਾ

ਦਿਓਲ ਦੀ ਨਿਯੁਕਤੀ ‘ਤੇ ਮੁੱਖ ਮੰਤਰੀ ਚੰਨੀ ਨੂੰ ਆੜੇ ਹੱਥੀਂ ਲਿਆ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਨਵਨਿਯੁਕਤ ਐਡੋਵੇਕਟ ਜਨਰਲ (ਏ.ਜੀ) ਅਮਰ ਪ੍ਰੀਤ ਸਿੰਘ ਦਿਓਲ (ਏ.ਪੀ. ਐਸ ਦਿਓਲ) ਦੀ ਨਿਯੁਕਤੀ ਉਤੇ ਸਖ਼ਤ ਇਤਰਾਜ਼ ਅਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਚੀਮਾ ਨੇ ਕਿਹਾ ਕਿ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਅਸਲੀ ਚਿਹਰਾ ਐਨਾ ਜਲਦੀ ਨੰਗਾ ਹੋ ਜਾਵੇਗਾ, ਚੰਨੀ ਕੋਲੋਂ ਇਹ ਉਮੀਦ ਬਿਲਕੁਲ ਵੀ ਨਹੀਂ ਸੀ। ਚੰਨੀ ਸੰਵੇਦਨਸ਼ੀਲ ਮਾਮਲਿਆਂ ‘ਚੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਚਰਨਜੀਤ ਸਿੰਘ ਚੰਨੀ ਤਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਦੋ ਕਦਮ ਅੱਗੇ ਚਲੇ ਗਏ ਹਨ। ਚੀਮਾ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਇਹ ਬੱਜਰ ਗਲਤੀ ਤੁਰੰਤ ਸੁਧਾਰਨ ਦੀ ਅਪੀਲ ਕਰਦਿਆਂ ਏ.ਪੀ.ਐਸ ਦਿਓਲ ਨੂੰ ਏ.ਜੀ. ਦੇ ਅਹੁਦੇ ਤੋਂ ਤੁਰੰਤ ਹਟਾਉਣਾ ਚਾਹੀਦਾ ਹੈ। ਚੀਮਾ ਨੇ ਨਾਲ ਹੀ ਚਿਤਾਵਨੀ ਦਿੱਤੀ ਜੇਕਰ 10 ਦਿਨਾਂ ਦੇ ਅੰਦਰ- ਅੰਦਰ ਚੰਨੀ ਸਰਕਾਰ ਨੇ ਏ.ਪੀ.ਐਸ ਦਿਓਲ ਨੂੰ ਅਹੁਦੇ ਤੋਂ ਨਾ ਹਟਾਇਆ ਤਾਂ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਫ਼ੈਸਲਾਕੁੰਨ ਸੰਘਰਸ਼ ਕਰੇਗੀ, ਕਿਉਂਕਿ ਇਹ ਗੁਰੂ ਦੇ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਹੈ।

ਮੰਗਲਵਾਰ ਨੂੰ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਬੁਲਾਰੇ ਮਾਲਵਿੰਦਰ ਸਿੰਘ ਕੰਗ ਅਤੇ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਇੱਥੇ ਪਾਰਟੀ ਮੁੱਖ ਦਫ਼ਤਰ ‘ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਹਰਪਾਲ ਸਿੰਘ ਚੀਮਾ ਨੇ ਏ.ਪੀ.ਐਸ ਦਿਓਲ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਕੇਸਾਂ ਵਿੱਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਲਈ ਸੀਨੀਅਰ ਵਕੀਲ ਵਜੋਂ ਪੈਰਵੀ ਦੇ ਦਸਤਾਵੇਜ਼ ਦਿਖਾਏ। ਚੀਮਾ ਨੇ ਕਿਹਾ ਕਿ ਏ.ਪੀ.ਐਸ ਦਿਓਲ ਨੇ ਸਿਰਫ਼ ਸੈਣੀ ਹੀ ਨਹੀਂ , ਸਗੋਂ ਹੋਰ ਦੋਸ਼ੀਆਂ ਦੇ ਕੇਸ ਵੀ ਏ.ਪੀ.ਐਸ ਦਿਓਲ ਹੀ ਲੜ ਰਹੇ ਹਨ। ਫਿਰ ਏ.ਪੀ.ਐਸ ਦਿਓਲ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਲੜੇ ਜਾ ਰਹੇ ਸੰਵੇਦਨਸ਼ੀਲ ਕੇਸਾਂ ਵਿਚੋਂ ਇਨਸਾਫ਼ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ?

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਿਯੁਕਤ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਬਾਦਲ ਪਰਿਵਾਰ ਅਤੇ ਸੁਮੇਧ ਸੈਣੀ ਨਾਲ ਮਿਲ ਕੇ ਬਹਿਬਲ ਕਲਾਂ ਅਤੇ ਬਰਗਾੜੀ ਮਾਮਲਿਆਂ ਵਿੱਚ ਇਨਸਾਫ਼ ਨਹੀਂ ਦਿਵਾਇਆ, ਹੁਣ ਚੰਨੀ ਨੇ ਸਾਰੀਆਂ ਹੱਦਾਂ ਟੱਪਦਿਆਂ ਸੁਮੇਧ ਸੈਣੀ ਦੇ ਵਕੀਲ ਨੂੰ ਹੀ ਐਡਵੋਕੇਟ ਜਨਰਲ ਬਣਾ ਦਿੱਤਾ ਹੈ। ਚੀਮਾ ਨੇ ਕਿਹਾ, ”ਇਹ ਸੋਚੀ ਸਮਝੀ ਸਾਜਿਸ਼ ਦਾ ਨਤੀਜਾ ਹੈ। ਇੰਝ ਲੱਗਦਾ ਹੈ ਜਿਵੇਂ ਬਾਦਲਾਂ ਅਤੇ ਸੈਣੀ ਨੇ ਸਾਰੀ ਸਰਕਾਰੀ ਮਸ਼ੀਨਰੀ ਆਪਣੇ ਹੱਥ ‘ਚ ਲੈ ਰੱਖੀ ਹੈ। ਨਤੀਜਣ ਚੰਨੀ ਵੀ ਕੈਪਟਨ ਦੇ ਰਾਹ ਤੁਰ ਪਏ ਹਨ।” ਉਨਾਂ ਕਿਹਾ ਕਿ ਨਵੇਂ ਮੁੱਖ ਮੰਤਰੀ ਕੋਲੋਂ ਇਹ ਉਮੀਦ ਹਰਗਿਜ਼ ਨਹੀਂ ਸੀ। ਬਰਗਾੜੀ ਤੇ ਬਹਿਬਲ ਕਲਾਂ ਬਾਰੇ ਇਨਸਾਫ਼ ਦੀ ਆਸ ਬੱਝੀ ਸੀ, ਪ੍ਰੰਤੂ ਚੰਨੀ ਸਰਕਾਰ ਵੱਲੋਂ ਏ.ਪੀ.ਐਸ ਦਿਓਲ ਬਾਰੇ ਲਏ ਫ਼ੈਸਲੇ ਨੇ ਦੁਬਾਰਾ ਫਿਰ ਪਾਣੀ ਫੇਰ ਦਿੱਤਾ।

‘ਆਪ’ ਆਗੂ ਨੇ ਕਿਹਾ ਜਸਟਿਸ ਰਣਜੀਤ ਸਿੰਘ ਅਤੇ ਜਸਟਿਸ ਜੋਰਾ ਸਿੰਘ ਵੱਲੋਂ ਜਿਨਾਂ ਲੋਕਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ -ਕੋਟਕਪੂਰਾ ਗੋਲੀ ਕਾਂਡ ‘ਚ ਕਥਿਤ ਦੋਸ਼ੀ ਠਹਿਰਾਇਆ ਗਿਆ ਹੋਵੇ, ਉਨਾਂ ਦੋਸ਼ੀਆਂ ਦੇ ਵਕੀਲ ਨੂੰ ਸਰਕਾਰ ਆਪਣਾ ਐਡਵੋਕੇਟ ਜਨਰਲ ਲਾਉਣ ਦੀ ਸੋਚ ਵੀ ਕਿਵੇਂ ਸਕਦੀ ਹੈ? ਕਾਨੂੰਨੀ ਨੈਤਿਕਤਾ ਵੀ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ ਕਿ ਪਹਿਲਾਂ ਦੋਸ਼ੀਆਂ ਵੱਲੋਂ ਕੇਸ ਲੜ ਰਿਹਾ ਵਕੀਲ ਬਾਅਦ ਵਿੱਚ ਉਸ ਦੋਸ਼ੀ ਖ਼ਿਲਾਫ਼ ਸਰਕਾਰ ਵੱਲੋਂ ਲੜ ਸਕੇ। ਉਨਾਂ ਦੋਸ਼ ਲਾਇਆ ਕਿ ਦਿਓਲ ਦੀ ਨਿਯੁਕਤੀ ਦੋਸ਼ੀਆਂ ਨੂੰ ਬਚਾਉਣ ਦੀ ਸਾਜਿਸ਼ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਇਸ ਬਾਰੇ ਮੁੱਖ ਮੰਤਰੀ ਨੂੰ ਪੱਤਰ ਵੀ ਲਿਖ ਰਹੇ ਹਨ।

LEAVE A REPLY

Please enter your comment!
Please enter your name here