‘ਆਪ’ ਨੂੰ ਰੋਕਣ ਲਈ ਕਾਂਗਰਸ, ਬਾਦਲ ਅਤੇ ਭਾਜਪਾ ਦੀ ਸਾਂਝੀ ਸਾਜ਼ਿਸ਼ ਸੀ ਮੌੜ ਬੰਬ ਧਮਾਕਾ : ਹਰਪਾਲ ਸਿੰਘ ਚੀਮਾ

0
52

ਬਿਆਨਬਾਜ਼ੀ ਦੀ ਥਾਂ ਸੁੱਖੀ ਰੰਧਾਵਾ ਦੱਸਣ ਬਤੌਰ ਗ੍ਰਹਿ ਮੰਤਰੀ ਮੌੜ ਬੰਬ ਧਮਾਕੇ ਬਾਰੇ ਕੀ ਕਾਰਵਾਈ ਕਰ ਰਹੇ ਹਨ

ਸੱਤਾ ਲਈ ਖ਼ੂਨ ਖ਼ਰਾਬੇ ਤੋਂ ਵੀ ਗੁਰੇਜ਼ ਨਹੀਂ ਕਰਦੇ ਕਾਂਗਰਸੀ, ਭਾਜਪਾ ਅਤੇ ਬਾਦਲ, ਮੌੜ ਬੰਬ ਧਮਾਕਾ ਹੈ ਇਸ ਦੀ ਮਿਸਾਲ

ਚੰਡੀਗੜ੍ਹ : ਮੌੜ ਬੰਬ ਧਮਾਕੇ ਬਾਰੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੁੱਛਿਆ, ”ਬਿਆਨਬਾਜ਼ੀ ਦੀ ਥਾਂ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਮੌੜ ਬੰਬ ਧਮਾਕੇ ਵਿੱਚ ਕੀ ਕਾਰਵਾਈ ਕਰ ਰਹੇ ਹਨ?” ਉਨ੍ਹਾਂ ਕਿਹਾ ਕਿ ਅਸੀਂ (ਆਪ) ਸ਼ੁਰੂ ਤੋਂ ਕਹਿੰਦੇ ਆ ਰਹੇ ਹਾਂ ਕਿ ਕਾਂਗਰਸ, ਬਾਦਲਾਂ ਅਤੇ ਭਾਜਪਾ ਨੇ 2017 ‘ਚ ਆਮ ਆਦਮੀ ਪਾਰਟੀ ਨੂੰ ਸੱਤਾ ‘ਚ ਆਉਣ ਤੋਂ ਰੋਕਣ ਲਈ ਇੰਨਾ ਨੇ ਮੌੜ ਬੰਬ ਧਮਾਕਾ ਕਰਨ ਦੀ ਸਾਂਝੀ ਸਾਜ਼ਿਸ਼ ਰਚੀ ਸੀ ਅਤੇ ਵੋਟਾਂ ਤੋਂ ਠੀਕ 4 ਦਿਨ ਪਹਿਲਾਂ ਮੌੜ ਬੰਬ ਧਮਾਕਾ ਕਰਵਾ ਕੇ 3 ਬੱਚਿਆਂ ਸਮੇਤ 7 ਨਿਰਦੋਸ਼ਾਂ ਦੀ ਜਾਨ ਲਈ ਅਤੇ ਕਰੀਬ 2 ਦਰਜਨ ਲੋਕ ਜ਼ਖਮੀ ਕੀਤੇ ਸਨ।

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ, ”ਵਿਧਾਨ ਸਭਾ ਚੋਣਾ 2017 ਦੌਰਾਨ ਮੌੜ ‘ਚ ਕੀਤਾ ਗਿਆ ਬੰਬ ਧਮਾਕਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਅਤੇ ਵੋਟਰਾਂ ਨੂੰ ਡਰਾਉਣ ਦਾ ਮਨਸੂਬਾ ਸੀ, ਜੋ ਅਕਾਲੀ ਦਲ ਬਾਦਲ, ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਸਾਂਝੀ ਕਰਤੂਤ ਸੀ।” ਉਨ੍ਹਾਂ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਅੱਜ ਗ੍ਰਹਿ ਮੰਤਰੀ ਹੁੰਦਿਆਂ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਮੌੜ ਬੰਬ ਧਮਾਕੇ ਵਿੱਚ ਕੋਈ ਕਾਰਵਾਈ ਨਾ ਕਰਨ ਦੋਸ਼ ਲਾ ਰਹੇ ਹਨ। ਪਰ ਸਭ ਨੂੰ ਪਤਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਖ਼ੁਦ ਵੀ ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ‘ਚ ਸ਼ਾਮਲ ਸਨ ਅਤੇ ਕੈਪਟਨ ਦੇ ਕਰੀਬੀ ਸਨ, ਉਸ ਸਮੇਂ ਉਨ੍ਹਾਂ ਮੌੜ ਬੰਬ ਧਮਾਕੇ ਦੀ ਕੋਈ ਗੱਲ ਨਹੀਂ ਕੀਤੀ। ਚੀਮਾ ਨੇ ਸੁੱਖੀ ਰੰਧਾਵਾ ਨੂੰ ਸਵਾਲ ਕੀਤਾ ਕਿ ਕੈਪਟਨ ਤਾਂ ਇਸ ਬੰਬ ਬਲਾਸਟ ਦੀ ਜਾਂਚ ਨਹੀਂ ਕਰਾਉਣਾ ਚਾਹੁੰਦੇ ਸਨ। ਜਿਸ ਬਾਰੇ ਸਭ ਜਾਣਦੇ ਹਨ, ਹੁਣ ਗ੍ਰਹਿ ਮੰਤਰੀ ਰੰਧਾਵਾ ਦੱਸਣ ਕਿ ਕਿੰਨੇ ਦਿਨਾਂ ‘ਚ ਨਿਰਪੱਖ ਜਾਂਚ ਕਰਵਾ ਕੇ ਸਾਰੇ ਦੋਸ਼ੀਆਂ ਨੂੰ ਸਜਾ ਅਤੇ ਪੀੜਤਾਂ ਨੂੰ ਇਨਸਾਫ਼ ਦੇਣਗੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੌੜ ਬੰਬ ਧਮਾਕੇ ਦੀ ਜਾਂਚ ਨਾ ਕਰਾਉਣ ਲਈ ਸਮੁੱਚੀ ਕਾਂਗਰਸ ਪਾਰਟੀ ਅਤੇ ਕਾਂਗਰਸ ਸਰਕਾਰ ਦੇ ਮੰਤਰੀ ਵੀ ਜ਼ਿੰਮੇਵਾਰ ਹਨ, ਜਿਨ੍ਹਾਂ ਪੰਜਾਬ ‘ਚ ਹੋਏ ਬੰਬ ਧਮਾਕਿਆਂ ਅਤੇ ਹਥਿਆਰ ਫੜੇ ਜਾਣ ਦੇ ਮੁੱਦਿਆਂ ‘ਤੇ ਕਦੇ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਇਤਿਹਾਸ ਰਿਹਾ ਹੈ ਕਿ ਇਹ ਰਾਜ-ਸੱਤਾ ‘ਤੇ ਕਾਬਜ਼ ਹੋਣ ਲਈ ਮੁੱਦੇ ਪੈਦਾ ਕਰਦੀ ਹੈ ਅਤੇ ਫਿਰ ਉਨ੍ਹਾਂ ਮੁੱਦਿਆਂ ਦੇ ਨਾਂ ‘ਤੇ ਲੋਕਾਂ ਨੂੰ ਡਰਾ ਧਮਕਾ ਕੇ ਜਾਂ ਲਾਲਚ ਦੇ ਕੇ ਵੋਟਾਂ ਹਾਸਲ ਕਰਦੀ ਹੈ। ਮੌੜ ਬੰਬ ਧਮਾਕੇ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸੀ, ਭਾਜਪਾ ਅਤੇ ਬਾਦਲ ਦਲ਼ੀਏ ਸੱਤਾ ਲਈ ਖ਼ੂਨ ਖ਼ਰਾਬੇ ਤੋਂ ਵੀ ਗੁਰੇਜ਼ ਨਹੀਂ ਕਰਦੇ। ਪਰ ਸੱਤਾ ‘ਤੇ ਕਾਬਜ਼ ਹੋ ਕੇ ਅਜਿਹੇ ਮੁੱਦਿਆਂ ਬਾਰੇ ਚੁੱਪ ਧਾਰ ਲੈਂਦੀ ਹੈ ਅਤੇ ਇਹੋ ਕੁੱਝ ਮੌੜ ‘ਚ ਬੰਬ ਧਮਾਕਾ ਕਰਕੇ ਕੀਤਾ ਗਿਆ ਸੀ। ਚੀਮਾ ਨੇ ਕਿਹਾ ਕਿ ਇੱਕ ਖ਼ਾਸ ਵਰਗ ‘ਚ ਅੱਤਵਾਦ ਦਾ ਭੈਅ ਅਤੇ ਡਰ ਪੈਦਾ ਕਰਨ ਦੀ ਡੂੰਘੀ ਸਾਜ਼ਿਸ਼ ਤਹਿਤ ਮੌੜ ਬੰਬ ਬਲਾਸਟ ਕਰਵਾਇਆ ਗਿਆ। ਇਸ ਕਰਕੇ ਹੀ ਸੱਤਾਧਾਰੀ ਕਾਂਗਰਸ ਨੇ ਇਸ ਦੀ ਨਿਰਪੱਖ ਅਤੇ ਸਮਾਂਬੱਧ ਜਾਂਚ ਕਰਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਚੀਮਾ ਨੇ ਖ਼ਦਸ਼ੇ ਪ੍ਰਗਟ ਕੀਤੇ ਕਿ ਚੋਣਾਂ ਤੋਂ ਪਹਿਲਾਂ ਕੈਪਟਨ, ਕਾਂਗਰਸ, ਬਾਦਲ ਅਤੇ ਭਾਜਪਾ ਦੁਬਾਰਾ ਫਿਰ ਡਰ ਤੇ ਭੈਅ ਦਾ ਮਾਹੌਲ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ।

 

LEAVE A REPLY

Please enter your comment!
Please enter your name here