‘ਆਪ੍ਰੇਸ਼ਨ ਗੰਗਾ’ ਦੇ ਕੌੜੇ ਸੱਚ ਨੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਦਿਖਾਇਆ: ਰਾਹੁਲ ਗਾਂਧੀ

0
106

ਰੂਸ ਤੇ ਯੂਕ੍ਰੇਨ ਦੀ ਜੰਗ ਜਾਰੀ ਹੈ। ਇਸ ਦੇ ਨਾਲ ਹੀ ਯੂਕ੍ਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ‘ਆਪ੍ਰੇਸ਼ਨ ਗੰਗਾ’ ਤਹਿਤ ਮੁਹਿੰਮ ਚੱਲ ਰਹੀ ਹੈ। ਹੁਣ ਤੱਕ 11500 ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ। ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਦਰਅਸਲ ਰਾਹੁਲ ਗਾਂਧੀ ਨੇ ਆਪਣੇ ਟਵਿਟਰ ‘ਤੇ ਇੱਕ ਖਬਰ ਸ਼ੇਅਰ ਕੀਤੀ ਹੈ, ਜਿਸ ‘ਚ ਭਾਰਤੀ ਵਿਦਿਆਰਥਣ ਨੇ ਕਿਹਾ ਹੈ ਕਿ ਜੋ ਪਹਿਲਾਂ ਬਾਥਰੂਮ ਸਾਫ ਕਰੇਗਾ, ਉਹ ਉਸ ਨੂੰ ਪਹਿਲਾਂ ਭਾਰਤ ਲੈ ਕੇ ਜਾਣਗੇ। ਰਾਹੁਲ ਗਾਂਧੀ ਨੇ ਇਸ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮਜ਼ਬੂਰ ਵਿਦਿਆਰਥੀਆਂ ਨਾਲ ਅਜਿਹਾ ਸ਼ਰਮਨਾਕ ਸਲੂਕ ਪੂਰੇ ਦੇਸ਼ ਦਾ ਅਪਮਾਨ ਹੈ। #ਆਪ੍ਰੇਸ਼ਨ ਗੰਗਾ ਦੇ ਇਸ ਕੌੜੇ ਸੱਚ ਨੇ ਮੋਦੀ ਸਰਕਾਰ ਦਾ ਅਸਲੀ ਚਿਹਰਾ ਦਿਖਾ ਦਿੱਤਾ ਹੈ।

ਦਰਅਸਲ ਯੂਕਰੇਨ ਤੋਂ ਵਾਪਸ ਆਏ ਇੱਕ ਭਾਰਤੀ ਵਿਦਿਆਰਥਣ ਨੇ ਭਾਰਤੀ ਦੂਤਘਰ ਦੇ ਅਧਿਕਾਰੀਆਂ ‘ਤੇ ਅਜਿਹਾ ਹੀ ਦੋਸ਼ ਲਗਾਇਆ ਹੈ। ਬਿਹਾਰ ਦੇ ਸਹਿਰਸਾ ਦੀ ਰਹਿਣ ਵਾਲੀ ਪ੍ਰਤਿਭਾ ਵਿਨਿਸਤਿਆ ਨੇ ਕਿਹਾ ਹੈ ਕਿ ਰੋਮਾਨੀਆ ਦੇ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ, ਸਾਨੂੰ ਰਹਿਣ ਲਈ ਜਗ੍ਹਾ ਦਿੱਤੀ ਅਤੇ ਸਾਨੂੰ ਖਾਣਾ ਖੁਆਇਆ, ਪਰ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਦੇ ਲੋਕ ਜਿਨ੍ਹਾਂ ਨੂੰ ਅਸੀਂ ਮਿਲੇ ਅਤੇ ਉਨ੍ਹਾਂ ਨੇ ਸਾਡੇ ਨਾਲ ਬਹੁਤ ਗੰਦਾ ਸਲੂਕ ਕੀਤਾ। ਉਨ੍ਹਾਂ ਨੇ ਸਾਨੂੰ ਪੇਸ਼ਕਸ਼ ਕੀਤੀ ਕਿ ਜੋ ਵੀ ਬਾਥਰੂਮ ਸਾਫ਼ ਕਰੇਗਾ, ਅਸੀਂ ਉਸ ਨੂੰ ਪਹਿਲਾਂ ਭਾਰਤ ਲੈ ਕੇ ਜਾਵਾਂਗੇ ਅਤੇ ਹੋਰਾਂ ਨੂੰ ਬਾਅਦ ਵਿੱਚ।

ਮੈਡੀਕਲ ਯੂਨੀਵਰਸਿਟੀ ਦੀ ਚੌਥੇ ਸਾਲ ਦੀ ਵਿਦਿਆਰਥਣ ਪ੍ਰਤਿਭਾ ਮੁਤਾਬਕ ਰੋਮਾਨੀਆ ਦੀ ਸਰਹੱਦ ‘ਤੇ ਜਾਣ ਲਈ ਵੀ ਵਿਦਿਆਰਥੀਆਂ ਨੂੰ ਖੁਦ ਪਹਿਲ ਕਰਨੀ ਪਈ। ਉਨ੍ਹਾਂ ਨੂੰ ਸਰਹੱਦ ’ਤੇ ਲਿਜਾਣ ਲਈ ਬੱਸ ਚਾਲਕਾਂ ਨੇ ਪ੍ਰਤੀ ਵਿਦਿਆਰਥੀ 6 ਹਜ਼ਾਰ ਰੁਪਏ ਵਸੂਲੇ। ਵਿਦਿਆਰਥਣ ਨੇ ਸ਼ੱਕ  ਜ਼ਾਹਰ ਕਰਦਿਆਂ ਕਿਹਾ ਕਿ ਇਸ ਵਿਚ ਏਜੰਟ ਅਤੇ ਦੂਤਾਵਾਸ ਦੋਵੇਂ ਸ਼ਾਮਲ ਹਨ। ਪ੍ਰਤਿਭਾ ਨੇ ਅੱਗੇ ਦੱਸਿਆ ਕਿ ਬੱਸ ਰਾਹੀਂ 14 ਘੰਟੇ ਦਾ ਸਫਰ ਕਰਨ ਤੋਂ ਬਾਅਦ ਅਸੀਂ ਰੋਮਾਨੀਆ ਦੀ ਸਰਹੱਦ ‘ਤੇ ਪਹੁੰਚ ਗਏ। ਵਿਦਿਆਰਥੀ ਇੰਨੇ ਥੱਕ ਗਏ ਸਨ ਕਿ ਕਿਸੇ ਦੀ ਵੀ ਬਾਥਰੂਮ ਸਾਫ਼ ਕਰਨ ਦੀ ਹਿੰਮਤ ਨਹੀਂ ਸੀ ਪਰ ਉਹ ਜਲਦੀ ਤੋਂ ਜਲਦੀ ਭਾਰਤ ਵਾਪਸ ਜਾਣਾ ਚਾਹੁੰਦੇ ਸਨ। ਘਰ ਜਾਣ ਦੀ ਇੰਨੀ ਉਤਸੁਕਤਾ ਸੀ ਕਿ ਕੁਝ ਵਿਦਿਆਰਥੀ ਟਾਇਲਟ ਦੀ ਸਫਾਈ ਕਰਨ ਪਹੁੰਚ ਗਏ।

ਇਸੇ ਮੀਡੀਆ ਰਿਪੋਰਟ ਦੇ ਆਧਾਰ ‘ਤੇ ਰਾਹੁਲ ਗਾਂਧੀ ਨੇ ਕਿਹਾ ਕਿ ਸੰਘਰਸ਼ ਪ੍ਰਭਾਵਿਤ ਯੂਕਰੇਨ ਤੋਂ ਉਨ੍ਹਾਂ ਨੂੰ ਕੱਢਣ ਦੀ ਸਹੂਲਤ ਲਈ ਪਖਾਨੇ ਸਾਫ਼ ਕਰਨ ਲਈ ਕਿਹਾ ਜਾਣਾ ਪੂਰੇ ਦੇਸ਼ ਦਾ ਅਪਮਾਨ ਹੈ। ਇਸ ਦੌਰਾਨ ਕੇਂਦਰ ਸਰਕਾਰ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਆਪਣੀਆਂ ਕੋਸ਼ਿਸ਼ਾਂ ਤੇਜ਼ ਕਰ ਰਹੀ ਹੈ। ਸਰਕਾਰ ਨੇ ਯੂਕਰੇਨ ਦੀ ਸਰਹੱਦ ਨਾਲ ਲੱਗਦੇ ਚਾਰ ਗੁਆਂਢੀ ਦੇਸ਼ਾਂ ਵਿੱਚ ਭਾਰਤੀ ਨਾਗਰਿਕਾਂ ਦੀ ਨਿਕਾਸੀ ਪ੍ਰਕਿਰਿਆ ਦਾ ਤਾਲਮੇਲ ਅਤੇ ਨਿਗਰਾਨੀ ਕਰਨ ਲਈ ‘ਵਿਸ਼ੇਸ਼ ਦੂਤ’ ਤਾਇਨਾਤ ਕੀਤੇ ਹਨ।

ਦੱਸ ਦੇਈਏ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਹੰਗਰੀ ਵਿੱਚ, ਕੇਂਦਰੀ ਕਾਨੂੰਨ ਮੰਤਰੀ ਕਿਰੇਨ  ਰਿਜਿਜੂ ਸਲੋਵਾਕੀਆ ਵਿੱਚ, ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਰੋਮਾਨੀਆ ਵਿੱਚ ਅਤੇ ਜਨਰਲ ਵੀਕੇ ਸਿੰਘ ਪੋਲੈਂਡ ਵਿੱਚ ਨਿਕਾਸੀ ਯਤਨਾਂ ਦੀ ਦੇਖਰੇਖ ਕਰ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਬਾਰੇ ਕਈ ਮੀਟਿੰਗਾਂ ਦੀ ਪ੍ਰਧਾਨਗੀ ਵੀ ਕੀਤੀ।

LEAVE A REPLY

Please enter your comment!
Please enter your name here