ਸ਼੍ਰੋਮਣੀ ਅਕਾਲੀ ਦਲ 29 ਅਕਤੂਬਰ ਨੂੰ ਅੰਮ੍ਰਿਤਸਰ ‘ਚ ਵਾਹਗਾ-ਅਟਾਰੀ ਬਾਰਡਰ ਤੋਂ ਗੋਲਡਨ ਗੇਟ ਤੱਕ ਰੋਡ ਸ਼ੋਅ ਕੱਢੇਗਾ। ਇਹ ਰੋਡ ਸ਼ੋਅ ਇਸ ਲਈ ਕੱਢਿਆ ਜਾ ਰਿਹਾ ਹੈ ਤਾਂ ਕਿ ਸੰਘੀ ਢਾਂਚੇ ਨੂੰ ਬਰਕਰਾਰ ਰੱਖਿਆ ਜਾ ਸਕੇ। ਜਿਸ ਤਰੀਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀ. ਐੱਸ. ਐੱਫ. ਦਾ ਪੰਜਾਬ ਵਿਚ ਅਧਿਕਾਰ ਖੇਤਰ ਵਧਾਉਣ ਲਈ ਕੇਂਦਰ ਅੱਗੇ ਆਤਮਸਮਰਪਣ ਕੀਤਾ, ਉਸ ਵਿਰੁੱਧ ਰੋਸ ਪ੍ਰਗਟਾਉਣ ਲਈ ਇਹ ਰੋਡ ਸ਼ੋਅ ਕੀਤਾ ਜਾਵੇਗਾ।
ਇੱਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਾਰਡਰ ਇਲਾਕੇ ਦੇ ਲੋਕ ਅੱਤਵਾਦ ਦੇ ਦੌਰ ਵੇਲੇ ਕੇਂਦਰੀ ਬਲਾਂ ਵੱਲੋਂ ਉਨ੍ਹਾਂ ’ਤੇ ਫੈਲਾਈ ਦਹਿਸ਼ਤ ਅਤੇ ਦਮਨ ਦੇ ਦੌਰ ਨੂੰ ਭੁੱਲ ਨਹੀਂ ਸਕਦੇ। ਇਹ ਲੋਕ ਬੀ. ਐੱਸ. ਐੱਫ. ਦੀਆਂ ਤਾਕਤਾਂ ਵਿਚ ਬੇਸ਼ੁਮਾਰ ਵਾਧਾ ਕੀਤੇ ਜਾਣ ਤੋਂ ਚਿੰਤਤ ਹਨ ਕਿਉਂਕਿ ਪਹਿਲਾਂ ਵੀ ਇਨ੍ਹਾਂ ਤਾਕਤਾਂ ਦੀ ਦੁਰਵਰਤੋਂ ਹੁੰਦੀ ਰਹੀ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੀ. ਐੱਸ. ਐੱਫ. ਦਾ ਅਧਿਕਾਰ ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ਤੋਂ 15 ਕਿ. ਮੀ. ਤੋਂ ਵਧਾ ਕੇ 50 ਕਿ. ਮੀ. ਕਰਨ ਦੀ ਕੋਈ ਤੁਕ ਨਹੀਂ ਬਣਦੀ। ਬੀ. ਐੱਸ. ਐੱਫ. ਦਾ ਮੁੱਖ ਕੰਮ ਸਰਹੱਦ ਪਾਰੋਂ ਕੰਡਿਆਲੀ ਤਾਰ ਤੋਂ ਸਮੱਗਲਿੰਗ ਰੋਕਣਾ ਹੈ। ਉਸਦਾ ਅਧਿਕਾਰ ਖੇਤਰ ਵਧਾ ਕੇ ਸੂਬੇ ਦੇ 10 ਜ਼ਿ ਲ੍ਹਿਆਂ ਤਕ ਕਰਨਾ ਤੇ ਉਸ ਨੂੰ ਅਸਿੱਧੇ ਤੌਰ ’ਤੇ ਪੁਲਿਸ ਦੇ ਹੱਕ ਦੇਣ ਨਾਲ ਪੰਜਾਬ ਵਿਚ ਕੇਂਦਰੀ ਸਰਕਾਰ ਦਾ ਰਾਜ ਵਧ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਹੈਰਾਨ ਹਨ ਕਿ ਉਨ੍ਹਾਂ ਦੇ ਆਪਣੇ ਹੀ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਹੇਠਾਂ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 5 ਅਕਤੂਬਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਅਤੇ 9 ਦਿਨ ਬਾਅਦ ਕੇਂਦਰ ਸਰਕਾਰ ਵੱਲੋਂ ਸੂਬੇ ਵਿਚ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਾਉਣ ਦਾ ਫੈਸਲਾ ਆ ਗਿਆ, ਇਹ ਸਾਰੇ ਘਟਨਾਕ੍ਰਮ ਉਨ੍ਹਾਂ ਦੇ ਕੇਂਦਰ ਨਾਲ ਰਲੇ ਹੋਣ ਅਤੇ ਕੇਂਦਰ ਅੱਗੇ ਆਤਮਸਮਰਪਣ ਕਰਨ ਵੱਲ ਇਸ਼ਾਰਾ ਕਰਦੇ ਹਨ।