ਅਹੋਈ ਅਸ਼ਟਮੀ ਹਿੰਦੂ ਧਰਮ ਦਾ ਇੱਕ ਪਵਿੱਤਰ ਤਿਉਹਾਰ ਹੈ। ਜਿਸ ਤਰ੍ਹਾਂ ਪਤੀ ਦੀ ਲੰਬੀ ਉਮਰ ਲਈ ਮਹਿਲਾਵਾਂ ਦੁਆਰਾ ਕਰਵਾ ਚੌਥ ਦਾ ਵਰਤ ਰੱਖਿਆ ਜਾਂਦਾ ਹੈ। ਉਸ ਪ੍ਰਕਾਰ ਅਹੋਈ ਅਸ਼ਟਮੀ ‘ਤੇ ਵੀ ਮਾਵਾਂ ਦੁਆਰਾ ਆਪਣੀ ਸੰਤਾਨ ਦੇ ਸੁੱਖੀ ਜੀਵਨ ਤੇ ਲੰਬੀ ਉਮਰ ਲਈ ਇਹ ਵਰਤ ਰੱਖਿਆ ਜਾਂਦਾ ਹੈ। ਇਸ ਵਰਤ ਨੂੰ ਚੱਕਰੀ ਦਾ ਵਰਤ ਵੀ ਕਿਹਾ ਜਾਂਦਾ ਹੈ।
ਜਿਸ ਪ੍ਰਕਾਰ ਕਰਵਾ ਚੌਥ ਦੇ ਵਰਤ ‘ਚ ਮਹਿਲਾਵਾਂ ਦੁਆਰਾ ਆਪਣੇ ਪਤੀ ਦੀ ਲੰਬੀ ਉਮਰ ਲਈ ਨਿਰਜਲਾ ਵਰਤ ਰੱਖਿਆ ਜਾਂਦਾ ਹੈ। ਇਸੇ ਪ੍ਰਕਾਰ ਚੱਕਰੀ ਦੇ ਵਰਤ ‘ਚ ਵੀ ਮਾਵਾਂ ਦੁਆਰਾ ਆਪਣੀ ਸੰਤਾਨ ਲਈ ਨਿਰਜਲਾ ਵਰਤ ਰੱਖਿਆ ਜਾਂਦਾ ਹੈ।
ਇਹ ਵਰਤ ਬੜੀ ਸ਼ਰਧਾ ਨਾਲ ਕੀਤਾ ਜਾਂਦਾ ਹੈ। ਇਸ ਦਿਨ ਭਗਵਾਨ ਗਣੇਸ਼ ਅਤੇ ਕਾਰਤੀਕੇਯ ਦੀ ਮਾਂ ਪਾਰਵਤੀ ਦੀ ਪੂਜਾ ਕੀਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜੋ ਮਾਵਾਂ ਇਸ ਦਿਨ ਵਰਤ ਰੱਖਦੀਆਂ ਹਨ, ਉਨ੍ਹਾਂ ਦੇ ਬੱਚਿਆਂ ਦੀ ਲੰਬੀ ਉਮਰ ਹੁੰਦੀ ਹੈ। ਉਨ੍ਹਾਂ ਨੂੰ ਪ੍ਰਸਿੱਧੀ, ਸ਼ੁਹਰਤ, ਵਡਿਆਈ ਅਤੇ ਖੁਸ਼ਹਾਲੀ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਮਾਂ ਪਾਰਵਤੀ ਖੁਦ ਉਨ੍ਹਾਂ ਦੇ ਬੱਚਿਆਂ ਦੀ ਰੱਖਿਆ ਕਰਦੀ ਹੈ ਜਿਨ੍ਹਾਂ ਦੀਆਂ ਮਾਵਾਂ ਇਸ ਦਿਨ ਵਰਤ ਰੱਖਦੀਆਂ ਹਨ। ਇਸ ਵਰਤ ‘ਚ ਤਾਰੇ ਨੂੰ ਅਰਗ ਦੇ ਕੇ ਵਰਤ ਖੋਲਿਆ ਜਾਂਦਾ ਹੈ।
ਇਸ ਵਰਤ ਦਾ ਮਹੱਤਵ
ਹਿੰਦੂ ਧਰਮ ਵਿੱਚ ਅਹੋਈ ਅਸ਼ਟਮੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਵਰਤ ਬੱਚਿਆਂ ਦੀ ਖੁਸ਼ਹਾਲੀ ਲਈ ਰੱਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਅਹੋਈ ਅਸ਼ਟਮੀ ਦਾ ਵਰਤ ਸਭ ਤੋਂ ਕਠਿਨ ਵਰਤਾਂ ਵਿੱਚੋਂ ਇੱਕ ਹੈ। ਇਸ ਦਿਨ ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ। ਮੰਨਿਆ ਜਾਂਦਾ ਹੈ ਕਿ ਅਹੋਈ ਮਾਤਾ ਦੀ ਪੂਜਾ ਕਰਨ ਨਾਲ ਬੱਚੇ ਦੀ ਲੰਬੀ ਉਮਰ ਹੁੰਦੀ ਹੈ।
ਵਰਤ ਕਥਾ
ਮਿਥਿਆਸ ਅਨੁਸਾਰ ਦੀਵਾਲੀ ਦੇ ਮੌਕੇ ‘ਤੇ ਇੱਕ ਸ਼ਾਹੂਕਾਰ ਦੀਆਂ ਸੱਤ ਨੂੰਹਾਂ ਘਰ ਦੀ ਲਿਪਾਈ ਕਰਨ ਲਈ ਮਿੱਟੀ ਲਿਆਉਣ ਲਈ ਜੰਗਲ ਵਿਚ ਗਈਆਂ ਤਾਂ ਉਨ੍ਹਾਂ ਦੀ ਨਨਾਣ ਵੀ ਉਨ੍ਹਾਂ ਦੇ ਨਾਲ ਆ ਗਈ। ਸ਼ਾਹੂਕਾਰ ਦੀ ਧੀ ਜਿਸ ਜਗ੍ਹਾਂ ਤੋਂ ਮਿੱਟੀ ਪੁੱਟ ਰਹੀ ਸੀ। ਉਸ ਜਗ੍ਹਾਂ ‘ਤੇ ਸਿਆਹੂ ਆਪਣੇ ਬੱਚਿਆਂ ਨਾਲ ਰਹਿੰਦੀ ਸੀ। ਮਿੱਟੀ ਪੁੱਟਦੇ ਸਿਆਹੂ ਦਾ ਬੱਚਾ ਇਸ ਚਪੇਟ ਵਿੱਚ ਆ ਗਿਆ। ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਆਪਣੇ ਬੱਚੇ ਦੀ ਮੌਤ ਤੋਂ ਦੁਖੀ ਸਿਆਹ ਮਾਤਾ ਨੇ ਸ਼ਾਹੂਕਾਰ ਦੀ ਧੀ ਦੀ ਕੁੱਖ ਬੰਨ੍ਹਣ ਦਾ ਸਰਾਪ ਦੇ ਦਿੱਤਾ। ਉਸ ਕੁੜੀ ਨੇ ਆਪਣੀਆਂ ਭਾਬੀਆਂ ਨੂੰ ਕਿਹਾ ਕਿ ਤੁਹਾਡੇ ਵਿਚੋਂ ਕੋਈ ਇੱਕ ਆਪਣੀ ਕੁੱਖ ਬੰਨ੍ਹ ਲਵੇ। ਨਨਾਣ ਨੂੰ ਮੁਸੀਬਤ ‘ਚ ਦੇਖ ਕੇ ਸਭ ਤੋਂ ਛੋਟੀ ਭਾਬੀ ਆਪਣੀ ਕੁੱਖ ਬੰਨ੍ਹਣ ਲਈ ਤਿਆਰ ਹੋ ਗਈ।
ਸਰਾਪ ਦੇ ਮਾੜੇ ਪ੍ਰਭਾਵ ਕਾਰਨ ਜਦੋਂ ਵੀ ਛੋਟੀ ਭਾਬੀ ਬੱਚੇ ਨੂੰ ਜਨਮ ਦਿੰਦੀ, ਉਸ ਦੀ 7 ਦਿਨਾਂ ਬਾਅਦ ਮੌਤ ਹੋ ਜਾਂਦੀ ਸੀ। ਇਸ ਤਰ੍ਹਾਂ ਉਸ ਦੇ 7 ਬੱਚਿਆਂ ਦੀ ਮੌਤ ਹੋ ਗਈ। ਉਸ ਨੇ ਇਕ ਪੰਡਤ ਨੂੰ ਇਸ ਸਮੱਸਿਆ ਦਾ ਹੱਲ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਹ ਸੁਰਹੀ ਗਾਂ ਦੀ ਸੇਵਾ ਕਰੇ
ਉਹ ਸੁਰਹੀ ਗਾਂ ਦੀ ਤਨੋ-ਮਨੋ ਸੇਵਾ ਕਰਦੀ ਹੈ, ਉਸ ਦੀ ਸੇਵਾ ਨਾਲ ਖ਼ੁਸ਼ ਗਊ ਮਾਤਾ ਉਸ ਨੂੰ ਸਿਆਹ ਮਾਤਾ ਕੋਲ ਲੈ ਗਈ। ਉਦੋਂ ਹੀ ਰਾਹ ‘ਚ ਉਸ ਦੀ ਨਜ਼ਰ ਇਕ ਸੱਪ ‘ਤੇ ਪੈਂਦੀ ਹੈ। ਉਹ ਇਕ ਗਰੂੜ ਪੰਖਣੀ ਦੇ ਬੱਚੇ ਨੂੰ ਡੰਗਣ ਜਾਂਦਾ ਹੈ ਤਾਂ ਉਹ ਤੁਰੰਤ ਉਸ ਸੱਪ ਨੂੰ ਮਾਰ ਦਿੰਦੀ ਹੈ। ਉਸੇ ਵੇਲੇ ਗਰੂੜ ਪੰਖਨੀ ਆਉਂਦੀ ਹੈ। ਖ਼ੂਨ ਦੇਖ ਕੇ ਉਸ ਨੂੰ ਲਗਦਾ ਹੈ ਕਿ ਉਸ ਔਰਤ ਨੇ ਉਸ ਦੇ ਬੱਚੇ ਨੂੰ ਮਾਰ ਦਿੱਤਾ ਹੈ। ਇਸ ‘ਤੇ ਉਹ ਆਪਣੀ ਚੁੰਝ ਨਾਲ ਉਸ ਔਰਤ ਦੇ ਸਿਰ ‘ਤੇ ਵਾਰ ਕਰਨ ਲਗਦੀ ਹੈ।
ਇਸ ‘ਤੇ ਉਹ ਔਰਤ ਕਹਿੰਦੀ ਹੈ ਕਿ ਤੁਹਾਡੇ ਬੱਚੇ ਸੁਰੱਖਿਅਤ ਹਨ। ਸੱਪ ਕੋਲੋਂ ਤੁਹਾਡੇ ਬੱਚਿਆਂ ਦੀ ਜਾਨ ਬਚਾਈ ਹੈ। ਇਹ ਸੁਣ ਕੇ ਗਰੂੜ ਪੰਖਣੀ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੁੰਦਾ ਹੈ ਤਾਂ ਉਹ ਪਸ਼ਚਾਤਾਪ ਕਰਦੀ ਹੈ। ਫਿਰ ਛੋਟੀ ਨੂੰਹ ਦੀਆਂ ਗੱਲਾਂ ਸੁਣ ਕੇ ਉਸ ਨੂੰ ਖ਼ੁਦ ਸਿਆਹੂ ਮਾਤਾ ਕੋਲ ਲੈ ਜਾਂਦੀ ਹੈ। ਛੋਟੀ ਨੂੰਹ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਸਿਆਹੂ ਮਾਤਾ ਉਸ ਨੂੰ 7 ਔਲਾਦਾਂ ਦੀ ਮਾਂ ਹੋਣ ਦਾ ਅਸ਼ੀਰਵਾਦ ਦਿੰਦੀ ਹੈ।