ਅਸਾਮ ‘ਚ ਭਾਰੀ ਮੀਂਹ ਕਾਰਨ ਉਥੋਂ ਦੇ ਲੋਕਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਕ ਅਧਿਕਾਰਤ ਬਿਆਨ ਅਨੁਸਾਰ ਉੱਤਰ-ਪੂਰਬੀ ਰਾਜ ਅਸਾਮ ਵਿੱਚ ਹੜ੍ਹਾਂ ਕਾਰਨ ਸੱਤ ਜ਼ਿਲ੍ਹਿਆਂ ਵਿੱਚ ਕਰੀਬ 57,000 ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਅੰਕੜਿਆਂ ਤੋਂ ਇਹ ਵੀ ਪਤਾ ਚੱਲਦਾ ਹੈ ਕਿ 15 ਮਾਲ ਡਵੀਜ਼ਨਾਂ ਦੇ ਕਰੀਬ 222 ਪਿੰਡ ਹੜ੍ਹਾਂ ਦੀ ਇਸ ਲਹਿਰ ਨਾਲ ਪ੍ਰਭਾਵਿਤ ਹੋਏ ਹਨ ਅਤੇ ਲਗਪਗ 10321.44 ਹੈਕਟੇਅਰ ਵਾਹੀਯੋਗ ਜ਼ਮੀਨ ਹੜ੍ਹ ਦੇ ਪਾਣੀ ਵਿੱਚ ਡੁੱਬ ਗਈ ਹੈ।ਅਸਾਮ ਵਿੱਚ ਇਸ ਕੁਦਰਤੀ ਆਫ਼ਤ ਦੌਰਾਨ ਇਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਹੜ੍ਹ ਕਾਰਨ ਇਨਸਾਨਾਂ ਤੋਂ ਇਲਾਵਾ 1,434 ਜਾਨਵਰ ਵੀ ਪ੍ਰਭਾਵਿਤ ਹੋਏ ਹਨ ਤੇ ਹੁਣ ਤਕ ਕੁੱਲ 202 ਘਰ ਨੁਕਸਾਨੇ ਗਏ ਹਨ।
ਸੈਨਾ, ਅਰਧ ਸੈਨਿਕ ਬਲਾਂ, ਐਸਡੀਆਰਐਫ, ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੁਆਰਾ ਰਾਜ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਅਤੇ ਰਾਹਤ ਕਾਰਜ ਕੀਤੇ ਗਏ। ਹੋਜਈ, ਲਖੀਮਪੁਰ ਅਤੇ ਨਗਾਓਂ ਜ਼ਿਲ੍ਹਿਆਂ ਵਿੱਚ ਕਈ ਸੜਕਾਂ, ਪੁਲ ਅਤੇ ਸਿੰਚਾਈ ਨਹਿਰਾਂ ਨੂੰ ਨੁਕਸਾਨ ਪਹੁੰਚਿਆ ਹੈ। ਹੜ੍ਹ ਕਾਰਨ ਕਈ ਥਾਵਾਂ ‘ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰ ਰਹੀਆਂ ਹਨ। ਸ਼ਨਿਚਰਵਾਰ ਨੂੰ ਦੀਮਾ ਹਸਾਓ ਜ਼ਿਲ੍ਹੇ ਦੇ 12 ਪਿੰਡਾਂ ਵਿੱਚ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ। ਭਾਰੀ ਢਿੱਗਾਂ ਡਿੱਗਣ ਤੇ ਪਾਣੀ ਭਰਨ ਕਾਰਨ ਪਹਾੜੀ ਖੇਤਰ ਵਿੱਚ ਰੇਲ ਪਟੜੀਆਂ, ਪੁਲਾਂ ਤੇ ਸੜਕੀ ਸੰਚਾਰ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
ਰੇਲਵੇ ਨੇ ਹਵਾਈ ਸੈਨਾ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਅਸਾਮ ਰਾਈਫਲਜ਼ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਵੱਡੇ ਪੱਧਰ ‘ਤੇ ਨਿਕਾਸੀ ਮੁਹਿੰਮ ਸ਼ੁਰੂ ਕੀਤੀ ਹੈ। ਇੱਕ ਬਿਆਨ ਵਿੱਚ ਰੇਲਵੇ ਨੇ ਕਿਹਾ ਕਿ ਡਿਟੋਕਚੇਰਾ ਸਟੇਸ਼ਨ ‘ਤੇ ਫਸੇ ਲਗਪਗ 1,245 ਰੇਲ ਯਾਤਰੀਆਂ ਨੂੰ ਬਦਰਪੁਰ ਅਤੇ ਸਿਲਚਰ ਲਿਆਂਦਾ ਗਿਆ ਹੈ ਅਤੇ ਭਾਰਤੀ ਹਵਾਈ ਸੈਨਾ ਦੁਆਰਾ 119 ਯਾਤਰੀਆਂ ਨੂੰ ਸਿਲਚਰ ਪਹੁੰਚਾਇਆ ਗਿਆ ਹੈ। ਦੱਸ ਦਈਏ ਕਿ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ, ਰੇਲਵੇ ਹਰ ਯਾਤਰੀ ਲਈ ਸਫਾਈ ਅਤੇ ਮੈਡੀਕਲ ਸੁਵਿਧਾਵਾਂ ਨੂੰ ਯਕੀਨੀ ਬਣਾ ਰਿਹਾ ਹੈ।