ਵਾਸ਼ਿੰਗਟਨ : ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਅਫ਼ਗਾਨਿਸਤਾਨ ’ਚੋਂ ਕੱਢੇ ਗਏ ਅਫ਼ਗਾਨ ਲੋਕਾਂ ਨੂੰ ਘੱਟ ਤੋਂ ਘੱਟ 13 ਦੇਸ਼ਾਂ ਨੇ ਅਸਥਾਈ ਤੌਰ ’ਤੇ ਸ਼ਰਨ ਦੇਣ ’ਤੇ ਸਹਿਮਤੀ ਜਤਾਈ ਹੈ ਅਤੇ ਅਮਰੀਕਾ ਸਮੇਤ 12 ਹੋਰ ਦੇਸ਼ਾਂ ਨੇ ਕੱਢੇ ਗਏ ਲੋਕਾਂ ਨੂੰ ਲਿਜਾਣ ਲਈ ਆਪਣੇ ਟਰਾਂਜ਼ਿਟ ਕੇਂਦਰਾਂ ਦਾ ਇਸਤੇਮਾਲ ਕੀਤੇ ਜਾਣ ’ਤੇ ਸਹਿਮਤੀ ਪ੍ਰਗਟ ਕੀਤੀ ਹੈ।
ਉਨ੍ਹਾਂ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ ਕਿ ਸੰਭਾਵਿਤ ਅਫ਼ਗਾਨ ਸ਼ਰਨਾਰਥੀਆਂ ਜਿਨ੍ਹਾਂ ਦੀ ਅਮਰੀਕਾ ਵਿਚ ਮੁੜ ਵਸੇਬੇ ਦੀ ਪਹਿਲਾਂ ਤੋਂ ਵਿਵਸਥਾ ਨਹੀਂ ਕੀਤੀ ਗਈ ਹੈ, ਉਨ੍ਹਾਂ ਨੂੰ ਅਲਬਾਨੀਆ, ਕੈਨੇਡਾ, ਕੋਲੰਬੀਆ, ਕੋਸਟਾ ਰੀਕਾ, ਚਿਲੀ, ਕੋਸੋਵੋ, ਉਤਰੀ ਮਕਦੂਨੀਆ, ਮੈਕਸੀਕੋ, ਪੋਲੈਂਡ, ਕਤਰ, ਰਵਾਂਡਾ, ਯੁਕ੍ਰੇਨ ਅਤੇ ਯੂਗਾਂਡਾ ਵਿਚ ਕੇਂਦਰਾਂ ਵਿਚ ਜਗ੍ਹਾ ਦਿੱਤੀ ਜਾਏਗੀ। ਇਸ ਤੋਂ ਇਲਾਵਾ ਟਰਾਂਜ਼ਿਟ ਦੇਸ਼ਾਂ ਵਿਚ ਬਹਿਰੀਨ, ਬ੍ਰਿਟੇਨ, ਡੈਨਮਾਰਕ, ਜਰਮਨੀ, ਇਟਲੀ, ਕਜ਼ਾਕਿਸਤਾਨ, ਕੁਵੈਤ, ਕਤਲ, ਤਜ਼ਾਕਿਸਤਾਨ, ਤੁਰਕੀ, ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ‘ਅਸੀਂ ਹੋਰ ਦੇਸ਼ਾਂ ਵੱਲੋਂ ਮਦਦ ਪ੍ਰਦਾਨ ਕਰਨ ’ਤੇ ਵਿਚਾਰ ਕੀਤੇ ਜਾਣ ਨਾਲ ਖ਼ੁਸ਼ ਹਾਂ। ਵਿਦੇਸ਼ਾਂ ਵਿਚ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਹਿਯੋਗੀ ਦੇਸ਼ਾਂ ਦੇ ਨਾਗਰਿਕਾਂ ਅਤੇ ਜੋਖ਼ਮ ਵਾਲੇ ਅਫ਼ਗਾਨਾਂ ਦੇ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਤੋਂ ਵੱਡੀ ਸਾਡੀ ਹੋਰ ਕੋਈ ਤਰਜੀਹ ਨਹੀਂ ਹੈ।