ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਕੋਠੀ ਅੱਗੇ ਡੈਪੂਟੇਸ਼ਨ ਨੂੰ ਰੱਦ ਕਰਵਾਉਣ ਲਈ ਅੱਜ ਅਧਿਆਪਕਾਂ ਨੇ ਬੱਚਿਆਂ ਸਮੇਤ ਪੱਕਾ ਧਰਨਾ ਲਗਾ ਕੇ ਸਿੱਖਿਆ ਮੰਤਰੀ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਈਟੀਟੀ ਅਧਿਆਪਕ ਯੂਨੀਅਨ ਦੇ ਆਗੂ ਮਨੀਸ਼ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ’ਚੋਂ ਸੈਂਕੜੇ ਅਧਿਆਪਕਾਂ ਨੇ ਇਸ ਧਰਨੇ ’ਚ ਸ਼ਮੂਲੀਅਤ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਉਹ 200 ਤੋਂ 300 ਕਿਲੋਮੀਟਰ ਤੋਂ ਸਫ਼ਰ ਕਰ ਕੇ ਡਿਊਟੀ ਕਰ ਰਹੇ ਹਨ, ਜੋ ਕਿ ਸਰਾਸਰ ਪਾਲਿਸੀ ਤੇ ਵਿਭਾਗ ਦੇ ਨਿਯਮਾਂ ਦੇ ਖ਼ਿਲਾਫ਼ ਹੈ।
ਸਿੱਖਿਆ ਵਿਭਾਗ ਵੱਲੋਂ 31 ਮਾਰਚ 2022 ਤਕ ਸਾਰੇ ਅਧਿਆਪਕ ਜਿਨ੍ਹਾਂ ਦੀ ਬਦਲੀ ਹੋਈ ਹੈ, ਉਨ੍ਹਾਂ ਨੂੰ 1 ਅਪ੍ਰੈਲ 2022 ਨੂੰ ਫ਼ਾਰਗ ਕਰਨ ਦਾ ਹੁਕਮ ਜਾਰੀ ਕੀਤਾ ਸੀ ਪਰ ਵਿਭਾਗ ਵਲੋਂ ਅਜੇ ਤਕ ਕੋਈ ਵੀ ਅਧਿਆਪਕ ਫ਼ਾਰਗ ਨਹੀਂ ਕੀਤਾ ਗਿਆ, ਜੋਕਿ ਪੱਤਰ ਅਨੁਸਾਰ ਹੁਕਮਾਂ ਦੀ ਉਲੰਘਣਾ ਹੈ। ਇਸ ਲਈ ਸਮੂਹ ਬਦਲੀ ਹੋਏ ਈਟੀਟੀ ਅਧਿਆਕਾਂ ਨੇ ਮੰਗ ਕੀਤੀ ਕਿ ਸਾਨੂੰ ਤੁਰੰਤ ਪ੍ਰਭਾਵ ਤੋਂ ਡੈਪੂਟੇਸ਼ਨ ਰੱਦ ਕਰ ਕੇ ਬਦਲੀ ਹੋਏ ਅਧਿਆਪਕਾਂ ਨੂੰ ਉਨ੍ਹਾਂ ਦੇ ਸਕੂਲ ਭੇਜਿਆ ਜਾਵੇ ਤੇ ਸਿੰਗਲ ਟੀਚਰ ਅਧਿਆਪਕਾਂ ਨੂੰ ਵੀ ਫ਼ਾਰਗ ਕੀਤਾ ਜਾਵੇ। ਜਦੋਂ ਤਕ ਮੰਗ ਪੂਰੀ ਨਹੀਂ ਹੁੰਦੀ, ਉਦੋਂ ਤੱਕ ਅਣਮਿੱਥੇ ਸਮੇਂ ਲਈ ਧਰਨਾ ਜਾਰੀ ਰਹੇਗਾ ਤੇ ਸਮੂਹ ਅਧਿਆਪਕ ਸਮੂਹਿਕ ਛੁੱਟੀ ’ਤੇ ਰਹਿਣਗੇ ਤੇ ਆਨਲਾਈਨ ਕੰਮ ਜਾਂ ਕੰਮ ਦਾ ਬਾਈਕਾਟ ਕਰਨਗੇ।
ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਰਿਹਾਇਸ਼ ’ਤੇ ਰੋਸ ਪ੍ਰਦਰਸ਼ਨ ਕਰ ਰਹੇ ਈਟੀਟੀ ਡੈਪੂਟੇਸ਼ਨ ਅਧਿਆਪਕਾਂ ਤੋਂ ਮੰਗ ਪੱਤਰ ਲੈਣ ਸਮੇਂ ਬਿਨਾਂ ਸਿਫ਼ਾਰਿਸ਼ ਨਿਯਮਾਂ ਅਨੁਸਾਰ ਉਨ੍ਹਾਂ ਦੀਆਂ ਮੰਗਾਂ ਸਬੰਧੀ ਜਲਦੀ ਹੀ ਮੀਟਿੰਗ ਕਰ ਕੇ ਵਿਚਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੀਆਂ ਸਰਕਾਰਾਂ ਦੇ ਲੇਖੇ ਜੋਖੇ ਦੇ ਜਵਾਬਦੇਹ ਨਹੀਂ ਹਨ। ਉਹ ਆਪਣੀ ਸਰਕਾਰ ਦਾ ਕੰਮ ਭ੍ਰਿਸ਼ਟਾਚਾਰ ਤੋਂ ਮੁਕਤ ਹੋਕੇ ਬਿਨਾਂ ਕਿਸੇ ਵਿਧਾਇਕ ਦੀ ਸਿਫ਼ਾਰਿਸ਼ ’ਤੇ ਨਿਯਮਾਂ ਅਨੁਸਾਰ ਕਰਨਗੇ। ਭਾਵੇਂ ਉਨ੍ਹਾਂ ਨੇ ਮੰਗ ਪੱਤਰ ਲੈਣ ਉਪਰੰਤ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ ਕੁਝ ਦਿਨਾਂ ’ਚ ਹੀ ਚੰਡੀਗੜ੍ਹ ਵਿਖੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੇ ਮਸਲੇ ਦਾ ਜਲਦੀ ਹੱਲ ਕਰਨਗੇ , ਪਰ ਅਧਿਆਪਕਾਂ ਨੇ ਸਿੱਖਿਆ ਮੰਤਰੀ ’ਤੇ ਬੇਭਰੋਸਗੀ ਜਤਾਉਂਦਿਆਂ ਪੱਕਾ ਧਰਨਾ ਸ਼ੁਰੂ ਕਰ ਦਿੱਤਾ ਹੈ। ਬਰਨਾਲਾ ਪੁਲਿਸ ਵਲੋਂ ਵੀ ਸਿੱਖਿਆ ਮੰਤਰੀ ਦੇ ਦਰਾਂ ’ਚ ਲੱਗੇ ਪੱਕੇ ਧਰਨੇ ਸਬੰਧੀ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰ ਦਿੱਤੇ ਹਨ।