ਸ. ਸੁਲੱਖਣ ਸਿੰਘ ਭੰਗਾਲੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵਜੋਂ ਸੰਭਾਲੀ ਸੇਵਾ

0
138

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਅਹਿਮ ਪ੍ਰਬੰਧਕੀ ਫੈਸਲਾ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਕਾਰਜਸ਼ੀਲ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦਾ ਮੁੱਖ ਮੈਨੇਜਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਸ. ਗੁਰਿੰਦਰ ਸਿੰਘ ਦੀ ਥਾਂ ਲਗਾਇਆ ਗਿਆ ਹੈ, ਜਦਕਿ ਸ. ਗੁਰਿੰਦਰ ਸਿੰਘ ਦੀ ਤਬਦੀਲੀ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਵਜੋਂ ਕੀਤੀ ਗਈ ਹੈ।

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਸ. ਕੁਲਵਿੰਦਰ ਸਿੰਘ ਰਮਦਾਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੁਝ ਪ੍ਰਬੰਧਕੀ ਤਬਦੀਲੀਆਂ ਸਬੰਧੀ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਸ. ਸੁਲੱਖਣ ਸਿੰਘ ਭੰਗਾਲੀ ਨੂੰ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੀਤੀਆਂ ਗਈਆਂ ਹੋਰ ਤਬਦੀਲੀਆਂ ਵਿਚ ਫਲਾਇੰਗ ਵਿਭਾਗ ਦੇ ਇੰਚਾਰਜ ਸ. ਸਤਨਾਮ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਮੈਨੇਜਰ ਤਾਇਨਾਤ ਕੀਤਾ ਗਿਆ ਹੈ। ਇਸ ਤਰ੍ਹਾਂ ਸ. ਸੁਖਬੀਰ ਸਿੰਘ ਇੰਚਾਰਜ ਅਮਲਾ ਧਰਮ ਪ੍ਰਚਾਰ ਕਮੇਟੀ ਨੂੰ ਇੰਚਾਰਜ ਫਲਾਇੰਗ ਵਿਭਾਗ ਅਤੇ ਸ. ਬਲਵਿੰਦਰ ਸਿੰਘ ਇੰਚਾਰਜ ਆਰ.ਟੀ.ਆਈ. ਨੂੰ ਧਰਮ ਪ੍ਰਚਾਰ ਕਮੇਟੀ ਦੇ ਅਮਲਾ ਵਿਭਾਗ ਦਾ ਕੰਮ ਦਿੱਤਾ ਗਿਆ ਹੈ।

ਇਸ ਦੌਰਾਨ ਸ. ਸੁਲੱਖਣ ਸਿੰਘ ਭੰਗਾਲੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਵੱਲੋਂ ਸੇਵਾ ਸੰਭਾਲਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਸੰਗਤ ਅਤੇ ਪ੍ਰਬੰਧਕੀ ਅਮਲੇ ਦੇ ਸਹਿਯੋਗ ਨਾਲ ਗੁਰੂ ਸਾਹਿਬ ਦੀ ਭੈਅ ਭਾਵਨੀ ਵਿਚ ਰਹਿੰਦਿਆਂ ਸੇਵਾ ਨਿਭਾਉਣ ਦਾ ਯਤਨ ਕਰਨਗੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਸਕੱਤਰ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਸ. ਹਰਭਜਨ ਸਿੰਘ ਵਕਤਾ, ਸ. ਸੁਖਬੀਰ ਸਿੰਘ, ਸ. ਨਿਰਮਲ ਸਿੰਘ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਸਤਨਾਮ ਸਿੰਘ ਮਾਂਗਾਸਰਾਂਏ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here