ਨਵੀਂ ਦਿੱਲੀ : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨਾਲ ਵਿਸ਼ੇਸ਼ ਮੁਲਾਕਾਤ ਕਰਵਾਉਣ ਦੇ ਮਾਮਲੇ ‘ਚ ਹਰਿਆਣਾ ਸਰਕਾਰ ਨੇ ਡੀਐਸਪੀ ਮਹਿਮ ਸ਼ਮਸ਼ੇਰ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਹਰਿਆਣਾ ਦੇ ਗ੍ਰਹਿ ਸਕੱਤਰ ਰਾਜੀਵ ਅਰੋੜਾ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਦੋਸ਼ ਹੈ ਕਿ ਸੁਰੱਖਿਆ ਦੇ ਇੰਚਾਰਜ ਰਹੇ ਡੀ.ਐੱਸ.ਪੀ. ਨੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ, ਜਿਸ ’ਚ ਬੀਬੀਆਂ ਵੀ ਸ਼ਾਮਲ ਸਨ। ਸੁਰੱਖਿਆ ’ਚ ਹੋਈ ਇਸ ਲਾਪਰਵਾਹੀ ਨੂੰ ਲੈ ਕੇ ਪਿਛਲੇ ਦਿਨੀਂ ਮਾਮਲਾ ਸੁਰਖੀਆਂ ’ਚ ਆਇਆ, ਜਿਸ ਤੋਂ ਬਾਅਦ ਹੁਣ ਹੈੱਡ ਕੁਆਰਟਰ ਤੋਂ ਡੀ.ਐੱਸ.ਪੀ. ਨੂੰ ਸਸਪੈਂਡ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਹੈ।
ਦੱਸ ਦਈਏ ਕਿ 17 ਜੁਲਾਈ ਨੂੰ ਕੁਝ ਟੈਸਟ ਕਰਵਾਉਣ ਲਈ ਰਾਮ ਰਹੀਮ ਨੂੰ ਭਾਰੀ ਸੁਰੱਖਿਆ ਦਰਮਿਆਨ ਦਿੱਲੀ ਸਥਿਤ ਏਮਜ਼ ਹਸਪਤਾਲ ਲਿਜਾਇਆ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਡੇਰਾ ਮੁਖੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਮਹਿਮ ਦੇ ਹਵਾਲੇ ਸੀ। ਉੱਥੋਂ ਆਉਂਦੇ ਸਮੇਂ ਡੀ.ਐੱਸ.ਪੀ. ਨੇ ਡੇਰਾ ਮੁਖੀ ਨੂੰ ਆਪਣੀ ਸਰਕਾਰੀ ਗੱਡੀ ’ਚ ਬਿਠਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਰਾਮ ਰਹੀਮ ਨੂੰ ਕੁਝ ਲੋਕਾਂ ਨਾਲ ਮਿਲਵਾਇਆ ਸੀ।
ਪੂਰਾ ਮਾਮਲੇ ਸਾਹਮਣੇ ਆਉਣ ਬਾਅਦ ਜਦੋਂ ਡੀ.ਐੱਸ.ਪੀ. ਮਹਿਮ ਤੋਂ ਇਸ ਬਾਰੇ ਉੱਚ ਅਧਿਕਾਰੀਆਂ ਨੇ ਪੁੱਛਿਆ ਤਾਂ ਉਨ੍ਹਾਂ ਨੇ ਤਰਕ ਦਿੱਤਾ ਕਿ ਚੰਡੀਗੜ੍ਹ ’ਚ ਕਿਸੇ ਵੀ.ਆਈ.ਪੀ. ਦਾ ਫੋਨ ਆਇਆ ਸੀ ਪਰ ਵੱਡਾ ਸਵਾਲ ਇਹ ਹੈ ਕਿ ਵੀ.ਆਈ.ਪੀ. ਦਾ ਫ਼ੋਨ ਆਉਣ ਤੋਂ ਬਾਅਦ ਵੀ ਡੀ.ਐੱਸ.ਪੀ. ਨੇ ਇੰਨੀ ਵੱਡੀ ਲਾਪਰਵਾਹੀ ਕਿਵੇਂ ਕਰ ਦਿੱਤੀ। ਉਨ੍ਹਾਂ ਨੇ ਸਾਰੇ ਪ੍ਰੋਟੋਕਾਲ ਤੋੜਦੇ ਹੋਏ ਡੇਰਾ ਮੁਖੀ ਨੂੰ ਕਈ ਲੋਕਾਂ ਨਾਲ ਮਿਲਵਾ ਦਿੱਤਾ। ਫਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।