ਮੁੱਖ ਮੰਤਰੀ ਵੱਲੋਂ ਚਾਰ ਦਹਾਕਿਆਂ ਬਾਅਦ ਟੋਕਿਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ

0
66

ਅੱਠ ਵਾਰ ਦੀ ਓਲੰਪਿਕ ਸੋਨ ਤਗਮਾ ਜੇਤੂ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ (Tokyo Olympics) ਦੇ ਸੈਮੀਫਾਈਨਲ ‘ਚ ਜਗ੍ਹਾ ਬਣਾਈ। ਮਨਪ੍ਰੀਤ ਸਿੰਘ ਦੀ ਕਪਤਾਨੀ ਵਾਲੀ ਭਾਰਤੀ ਪੁਰਸ਼ ਹਾਕੀ ਟੀਮ (Indian Men’s Hockey Team) ਨੇ ਐਤਵਾਰ ਨੂੰ ਕੁਆਰਟਰ ਫਾਈਨਲ ਵਿੱਚ ਬ੍ਰਿਟੇਨ ਨੂੰ 3-1 ਨਾਲ ਹਰਾਇਆ। 41 ਸਾਲ ਬਾਅਦ ਭਾਰਤ ਨੇ ਪੁਰਸ਼ ਹਾਕੀ ਵਿੱਚ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ ਹੈ।

ਇਸ ਮੈਚ ‘ਚ ਭਾਰਤ ਲਈ ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ ਅਤੇ ਹਾਰਦਿਕ ਸਿੰਘ ਨੇ 1-1 ਗੋਲ ਕੀਤਾ, ਜਦਕਿ ਤੀਜੇ ਕੁਆਰਟਰ ਦੇ ਖਤਮ ਹੋਣ ਤੋਂ ਕੁਝ ਸਮਾਂ ਪਹਿਲਾਂ ਪੈਨਲਟੀ ਕਾਰਨਰ ਉੱਤੇ ਬਰਤਾਨੀਆ ਦਾ ਇੱਕੋ-ਇੱਕ ਗੋਲ ਵਾਰਡ ਨੇ ਕੀਤਾ। ਭਾਰਤ ਅਤੇ ਬ੍ਰਿਟੇਨ ਓਲੰਪਿਕਸ ਵਿੱਚ 9ਵੀਂ ਵਾਰ ਮਿਲੇ ਸਨ ਅਤੇ ਭਾਰਤ ਨੇ ਹੁਣ ਜਿੱਤ-ਹਾਰ ਦਾ ਰਿਕਾਰਡ 5-4 ਕਰ ਲਿਆ ਹੈ।

ਕੁਆਰਟਰ ਫਾਈਨਲ ਮੈਚ ਵਿੱਚ ਭਾਰਤੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ। ਪਹਿਲੇ ਕੁਆਰਟਰ ਵਿੱਚ ਹੀ ਉਸਨੇ ਦਿਲਪ੍ਰੀਤ ਸਿੰਘ ਦੇ ਗੋਲ ਨਾਲ ਲੀਡ ਹਾਸਲ ਕੀਤੀ। ਇਸ ਤੋਂ ਬਾਅਦ ਦੂਜੇ ਕੁਆਰਟਰ ਵਿੱਚ ਗੁਰਜੰਟ ਸਿੰਘ ਦੇ ਗੋਲ ਨੇ ਵਾਧਾ ਦੁੱਗਣਾ ਕਰ ਦਿੱਤਾ। ਅੱਧੇ ਸਮੇਂ ਤੱਕ ਸਕੋਰ ਭਾਰਤ ਦੇ ਪੱਖ ਵਿੱਚ 2-0 ਰਿਹਾ। ਤੀਜੇ ਕੁਆਰਟਰ ਦੀ ਸਮਾਪਤੀ ਤੋਂ ਤਕਰੀਬਨ ਇੱਕ ਮਿੰਟ ਪਹਿਲਾਂ ਬ੍ਰਿਟੇਨ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਉਹ ਇਸਨੂੰ ਗੋਲ ਵਿੱਚ ਤਬਦੀਲ ਨਹੀਂ ਕਰ ਸਕਿਆ। ਇਸ ਕੁਆਰਟਰ ਦੀ ਸਮਾਪਤੀ ਤੋਂ ਕੁਝ ਪਲਾਂ ਪਹਿਲਾਂ, ਬ੍ਰਿਟੇਨ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਜਿਸ ਨਾਲ ਉਸਨੇ ਸਕੋਰ 1-2 ਕਰ ਦਿੱਤਾ।

ਇਸ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਵਧਾਈ ਦਿੱਤੀ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ, “ਟੋਕੀਓ ਓਲੰਪਿਕ ਵਿਚ ਭਾਰਤੀ ਪੁਰਸ਼ ਹਾਕੀ ਟੀਮ ਨੇ ਸ਼ਾਨਦਾਰ ਖੇਡ ਦਾ ਪ੍ਰਗਟਾਵਾ ਕਰਦਿਆਂ ਗਰੇਟ ਬ੍ਰਿਟੇਨ ਖਿਲਾਫ 3-1 ਦੇ ਫਰਕ ਨਾਲ ਜਿੱਤ ਹਾਸਲ ਕੀਤੀ ਅਤੇ 41 ਵਰ੍ਹਿਆਂ ਬਾਅਦ ਓਲੰਪਿਕ ਦੀਆਂ ਸਿਖਰਲੀਆਂ ਚਾਰ ਟੀਮਾਂ ਵਿਚ ਥਾਂ ਬਣਾਈ। ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਪੰਜਾਬ ਦੇ ਤਿੰਨ ਖਿਡਾਰੀਆਂ ਦਿਲਪ੍ਰੀਤ ਸਿੰਘ, ਗੁਰਜੰਟ ਅਤੇ ਹਾਰਦਿਕ ਸਿੰਘ ਵੱਲੋਂ ਵਿਰੋਧੀ ਟੀਮ ਖਿਲਾਫ਼ ਤਿੰਨ ਗੋਲ ਦਾਗੇ ਗਏ। ਤਹਾਨੂੰ ਮੁਬਾਰਕ ਅਤੇ ਹੁਣ ਸੋਨ ਤਮਗੇ ਲਈ ਅੱਗੇ ਵਧੇ।”

ਜ਼ਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਆਖਰੀ ਵਾਰ ਸਾਲ 1980 ਦੀਆਂ ਮਾਸਕੋ ਓਲਿੰਪਕ ਖੇਡਾਂ ਵਿਚ ਸਿਖਰਲੀਆਂ ਚਾਰਾਂ ਟੀਮਾਂ ਵਿਚ ਪਹੁੰਚੀ ਸੀ ਜਿੱਥੇ ਆਖਰ ਵਿਚ ਉਸ ਨੇ ਵੱਕਾਰੀ ਸੋਨ ਤਮਗਾ ਹਾਸਲ ਕੀਤਾ ਸੀ।

LEAVE A REPLY

Please enter your comment!
Please enter your name here