ਠਾਣੇ : ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ‘ਵਾਗਲੇ ਅਸਟੇਟ’ ਇਲਾਕੇ ‘ਚ ਪਿਛਲੇ ਸਾਲ ਖਾਲੀ ਕਰਵਾਈ ਗਈ 30 ਸਾਲ ਪੁਰਾਣੀ ਇਮਾਰਤ ਦੇ ਕੁਝ ਹਿੱਸੇ ਸ਼ੁੱਕਰਵਾਰ ਨੂੰ ਢਹਿ ਗਏ। ਹਾਦਸੇ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਅਧਿਕਾਰੀਆਂ ਨੇ ਇਮਾਰਤ ਨੂੰ ਪਹਿਲਾਂ ਹੀ ਸੀਲ ਕਰ ਦਿੱਤਾ ਸੀ। ਠਾਣੇ ਨਗਰ ਨਿਗਮ ਦੇ ਖੇਤਰੀ ਆਫ਼ਤ ਪ੍ਰਬੰਧਨ ਸੈੱਲ ਦੇ ਮੁੱਖੀ ਸੰਤੋਸ਼ ਕਦਮ ਨੇ ਦੱਸਿਆ ਕਿ ਸਾਵਧਾਨੀ ਤੌਰ ‘ਤੇ ਆਸਪਾਸ ਦੀਆਂ 6 ਇਮਾਰਤਾਂ ਦੇ ਲੋਕਾਂ ਨੂੰ ਉੱਥੇ ਕੱਢ ਕੇ ਇੱਕ ਸਕੂਲ ‘ਚ ਠਹਿਰਾਇਆ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਘਟਨਾ ਸਵੇਰੇ ਕਰੀਬ 5:30 ਵਜੇ ਹੋਈ। ਡਿਸੂਜਾ ਵਾਡੀ ‘ਚ ਚਾਰ ਮੰਜ਼ਿਲਾ ਇਮਾਰਤ ਸ਼ਿਵ ਭੁਵਨ ਦੀ ਪਹਿਲੀ ਮੰਜ਼ਿਲ ਦੇ ਕੁਝ ਹਿੱਸੇ ਢਹਿ ਗਏ। ਇਸ ਨੂੰ ਪਹਿਲਾਂ ਹੀ ਖਤਰਨਾਕ ਢਾਂਚਾ ਘੋਸ਼ਿਤ ਕਰ ਦਿੱਤਾ ਗਿਆ ਸੀ, ਇਸ ਲਈ ਇਮਾਰਤ ਸੀਲ ਸੀ ਅਤੇ ਹਾਦਸੇ ਦੇ ਸਮੇਂ ਉੱਥੇ ਕੋਈ ਨਹੀਂ ਸੀ।