ਭਾਜਪਾ ਦੇ ਵੱਡੇ ਆਗੂ ਪ੍ਰਵੀਨ ਛਾਬੜਾ ਸਾਥੀਆਂ ਸਮੇਤ ‘ਆਪ’ ‘ਚ ਹੋਏ ਸ਼ਾਮਲ

0
73

ਰਾਜਪੁਰਾ ਮਿਉਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ.ਸੀ ਹਨ ਪ੍ਰਵੀਨ ਛਾਬੜਾ

ਮੀਤ ਹੇਅਰ, ਹਰਚੰਦ ਬਰਸਟ ਅਤੇ ਨੀਨਾ ਮਿੱਤਲ ਨੇ ਕਰਵਾਈ ਰਸਮੀ ਸ਼ਮੂਲੀਅਤ

ਕੇਜਰੀਵਾਲ ਦੀ ਮਹਾਨ ਅਤੇ ਕ੍ਰਾਂਤੀਕਾਰੀ ਪਾਰਟੀ ਦਾ ਹਿੱਸਾ ਬਣਨ ‘ਤੇ ਮਾਣ ਹੈ- ਛਾਬੜਾ

ਰਾਜਪੁਰਾ ‘ਚ ਭਾਜਪਾ ਦਾ ਪੂਰੀ ਤਰਾਂ ਲੱਕ ਟੁੱਟਿਆ- ਨੀਨਾ ਮਿੱਤਲ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਭਾਜਪਾ ਨੂੰ ਕਰਾਰਾ ਝਟਕਾ ਦਿੰਦਿਆਂ ਰਾਜਪੁਰਾ (ਪਟਿਆਲਾ) ਦੇ ਵੱਡੇ ਆਗੂ ਪ੍ਰਵੀਨ ਛਾਬੜਾ ਨੂੰ ਦਰਜਨਾਂ ਅਹੁਦੇਦਾਰਾਂ ਸਮੇਤ ਪਾਰਟੀ (ਆਪ) ‘ਚ ਸ਼ਾਮਿਲ ਕਰ ਲਿਆ ਹੈ। ਪ੍ਰੈੱਸ ਕਾਨਫ਼ਰੰਸ ਦੌਰਾਨ ਰਾਜਪੁਰਾ ਮਿਉਸਪਲ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਐਮ.ਸੀ ਪ੍ਰਵੀਨ ਛਾਬੜਾ ਦੀ ਪਾਰਟੀ ‘ਚ ਰਸਮੀ ਸ਼ਮੂਲੀਅਤ ਪਾਰਟੀ ਦੇ ਵਿਧਾਇਕ ਮੀਤ ਹੇਅਰ, ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਨੀਨਾ ਮਿੱਤਲ ਨੇ ਕਰਵਾਈ ਅਤੇ ਦਾਅਵਾ ਕੀਤਾ ਕਿ ਛਾਬੜਾ ਅਤੇ ਸਾਥੀਆਂ ਦੀ ਪਾਰਟੀ ‘ਚ ਆਮਦ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ ਅਤੇ ਇਨ੍ਹਾਂ ਸਭ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ।

ਮੀਤ ਹੇਅਰ ਨੇ ਕਿਹਾ ਕਿ ਪ੍ਰਵੀਨ ਛਾਬੜਾ ਵਰਗੇ ਧਰਾਤਲ ਪੱਧਰ ਦੇ ਆਗੂਆਂ ਦਾ ਪਾਰਟੀ ‘ਚ ਸ਼ਾਮਲ ਹੋਣ ਨਾਲ ਸਾਬਤ ਹੁੰਦਾ ਹੈ ਕਿ ਅੱਜ ਨਾ ਕੇਵਲ ਚੰਗੇ ਅਕਸ ਵਾਲੇ ਆਗੂਆਂ ਬਲਕਿ ਆਮ ਲੋਕਾਂ ਲਈ ਸਿਰਫ਼ ਆਮ ਆਦਮੀ ਪਾਰਟੀ ਹੀ ਇੱਕ ਉਮੀਦ ਬਚੀ ਹੈ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਵੀਨ ਛਾਬੜਾ ਨੇ ਦੱਸਿਆ ਕਿ ਉਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਭਾਜਪਾ ਛੱਡ ਦਿੱਤੀ ਸੀ ਅਤੇ ਅੱਜ ਉਹ ਵਿਕਾਸ ਦੇ ਪੁੰਜ ਅਤੇ ਆਮ ਲੋਕਾਂ ਦੇ ਮਹਾਨ ਅਤੇ ਕ੍ਰਾਂਤੀਕਾਰੀ ਆਗੂ ਅਰਵਿੰਦ ਕੇਜਰੀਵਾਲ ਦੀ ਪਾਰਟੀ ਦਾ ਹਿੱਸਾ ਬਣਨ ‘ਤੇ ਮਾਣ ਮਹਿਸੂਸ ਕਰਦੇ ਹਨ। ਛਾਬੜਾ ਨੇ ਕਿਹਾ ਕਿ ਇੱਕ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ, ਦੂਜੇ ਪਾਸੇ ਕੇਜਰੀਵਾਲ ਦੇ ਦਿੱਲੀ ਮਾਡਲ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ‘ਚ ਕ੍ਰਾਂਤੀਕਾਰੀ ਕੰਮ ਕਰਨ ਦੇ ਨਾਲ-ਨਾਲ ਵਾਅਦਿਆਂ ਤੋਂ ਵੱਧ ਕੇ ਕੰਮ ਕੀਤੇ ਹਨ। ਜਿਸ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਛਾਬੜਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਪੰਜਾਬ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਮੀਤ ਹੇਅਰ ਸਮੇਤ ਸਮੁੱਚੀ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ 2022 ‘ਚ ‘ਆਪ’ ਦੀ ਸਰਕਾਰ ਬਣਾਉਣ ਲਈ ਪਾਰਟੀ ਵਿਧੀ-ਵਿਧਾਨ ‘ਚ ਰਹਿੰਦਿਆਂ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਨੀਨਾ ਮਿੱਤਲ ਨੇ ਕਿਹਾ ਕਿ ਛਾਬੜਾ ਅਤੇ ਸਾਥੀਆਂ ਦੀ ਸ਼ਮੂਲੀਅਤ ਨਾਲ ਰਾਜਪੁਰਾ ‘ਚ ਭਾਜਪਾ ਦਾ ਪੂਰੀ ਤਰਾਂ ਲੱਕ ਟੁੱਟ ਗਿਆ ਹੈ।

ਇਸ ਮੌਕੇ ਛਾਬੜਾ ਨਾਲ ਸ਼ਾਮਲ ਹੋਣ ਵਾਲਿਆਂ ‘ਚ ਸੁਖਵਿੰਦਰ ਸਿੰਘ ਸੁੱਖੀ (ਸਾਬਕਾ ਐਮ.ਸੀ), ਸੁਖਚੈਨ ਸਿੰਘ ਬੇਦੀ (ਸਾਬਕਾ ਐਮ.ਸੀ), ਉਜਾਗਰ ਸਿੰਘ (ਸਾਬਕਾ ਐਮ.ਸੀ), ਗੁਰਮੁੱਖ ਸਿੰਘ ਉਪਲਹੇੜੀ (ਸਾਬਕਾ ਮੰਡਲ ਪ੍ਰਧਾਨ ਦਿਹਾਤੀ), ਅਮਰਜੀਤ ਸਿੰਘ (ਸਾਬਕਾ ਜਿਲਾ ਸੈਕਟਰੀ), ਸੰਤ ਸਿੰਘ ਢਕਾਨਸ ਮਾਜਰਾ (ਸਾਬਕਾ ਮੈਂਬਰ ਮਾਰਕੀਟ ਕਮੇਟੀ), ਗੁਰਮੀਤ ਸਿੰਘ ਉਪਲਹੇੜੀ (ਜਿਲਾ ਮੀਤ ਪ੍ਰਧਾਨ ਓਬੀਸੀ ਮੋਰਚਾ), ਰਾਕੇਸ਼ ਕੁਮਾਰ ਨੰਬਰਦਾਰ ਭਨੇੜੀ (ਸਾਬਕਾ ਜਨਰਲ ਸੈਕਟਰੀ), ਅਸ਼ੋਕ ਕੁਮਾਰ ਦਰਾਨ ਹੇੜੀ (ਜਿਲਾ ਕਾਰਜਕਾਰੀ ਮੈਂਬਰ), ਸੰਜੇ ਕੁਮਾਰ (ਪ੍ਰਧਾਨ ਐਸਸੀ ਮੋਰਚਾ), ਦੀਪਕ ਪ੍ਰੇਮੀ (ਸੀਨੀਅਰ ਆਗੂ ਬੀਜੇਪੀ), ਰਘਵੀਰ ਸਿੰਘ ਕੰਬੋਜ, ਰਮੇਸ਼ ਕੁਮਾਰ ਬਬਲਾ (ਪ੍ਰਧਾਨ ਬੂਥ ਮਾਰਕੀਟ ਰਾਜਪੁਰਾ), ਮੋਹਨ ਲਾਲ ਚਾਵਲਾ, ਰਾਮ ਪਾਲ, ਵਿਜੈ ਕੁਮਾਰ, ਹਰਵਿੰਦਰ ਪਾਲ ਸਿੰਘ, ਰਾਮ ਕੁਮਾਰ ਦਮਨ ਹੇੜੀ ਆਗੂ ਸਨ।

LEAVE A REPLY

Please enter your comment!
Please enter your name here