ਪੰਜਾਬ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸੇ ਕੜੀ ਵਿੱਚ ਅੱਜ ਭਗਵੰਤ ਮਾਨ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਹੋਈ, ਜਿਸ ਵਿੱਚ ਨੌਜਵਾਨਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ। ਜਾਣਕਾਰੀ ਅਨੁਸਾਰ ਨੌਜਵਾਨਾਂ ਨੂੰ ਰੁਜ਼ਗਾਰ ਦਾ ਤੋਹਫ਼ਾ ਦਿੰਦਿਆਂ ਸਰਕਾਰ ਨੇ 25 ਹਜ਼ਾਰ ਸਰਕਾਰੀ ਨੌਕਰੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਦਾ ਐਲਾਨ ਕੀਤਾ ਗਿਆ ਹੈ। ਇੱਕ ਮਹੀਨੇ ਅੰਦਰ ਇਨ੍ਹਾਂ ਨੌਕਰੀਆਂ ਸੰਬੰਧੀ ਇਸ਼ਤਿਹਾਰ ਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਭਗਵੰਤ ਮਾਨ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹ ਵੀ ਕਿਹਾ ਕਿ ਡਿਗਰੀਆਂ ਮੁਤਾਬਿਕ ਨੌਕਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ 10 ਹਜ਼ਾਰ ਪੁਲਿਸ ‘ਚ ਤੇ 15 ਹਜ਼ਾਰ ਵੱਖ -ਵੱਖ ਵਿਭਾਗਾਂ ‘ਚ ਨੌਕਰੀਆਂ ਹੋਣਗੀਆਂ।