ਪੰਜਾਬ ਦੇ ਲੋਕਾਂ ਨੂੰ ਬਿਜਲੀ ਸੰਬੰਧੀ ਸਮੱਸਿਆ ਦਾ ਹੋਰ ਵਧੇਰੇ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਦੋ ਯੂਨਿਟ ਬੰਦ ਹੋ ਗਏ ਹਨ। ਇਸੇ ਪਲਾਂਟ ਦਾ ਇਕ ਯੂਨਿਟ ਪਹਿਲਾਂ ਤੋਂ ਹੀ ਬੰਦ ਹੈ। ਇਸਦੇ ਨਾਲ ਹੀ ਰੋਪੜ ਪਲਾਂਟ ਦਾ ਯੂਨਿਟ ਨੰਬਰ ਤਿੰਨ ਵੀ ਬੰਦ ਹੈ। ਸਰਕਾਰੀ ਥਰਮਲਾਂ ਦੇ 8 ਚੋਂ 4 ਯੂਨਿਟ ਬੰਦ ਹੋਣ ਕਰਕੇ ਬਿਜਲੀ ਉਤਪਾਦਨ ਵਿੱਚ 880 ਮੈਗਾਵਾਟ ਦੀ ਘਾਟ ਹੋ ਗਈ ਹੈ। ਇਸ ਤੋਂ ਇਲਾਵਾ ਨਿੱਜੀ ਥਰਮਲਾਂ ‘ਚੋਂ ਤਲਵੰਡੀ ਸਾਬੋ ਤੇ ਜੀਵੀਕੇ ਪਲਾਂਟ ਦਾ ਇਕ-ਇਕ ਯੂਨਿਟ ਵੀ ਬੰਦ ਹੀ ਹੈ। ਜਿਸ ਕਰਕੇ ਇਨ੍ਹਾਂ ਥਰਮਲਾਂ ਤੋਂ 930 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ। ਅੱਤ ਦੀ ਪੈ ਰਹੀ ਗਰਮੀ ਦੌਰਾਨ ਸ਼ਨਿਚਰਵਾਰ ਸਵੇਰੇ ਹੀ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ ਹੈ ਤੇ ਪਲਾਂਟਾਂ ਤੋਂ ਸਮਰੱਥਾ ਨਾਲੋਂ ਬਿਜਲੀ ਉਤਪਾਦਨ ਘਟਣ ਕਰਕੇ ਮੰਗ ਪੂਰਾ ਕਰਨਾ ਔਖਾ ਹੋਵੇਗਾ। ਦੱਸਣਾ ਬਣਦਾ ਹੈ ਕਿ ਅੱਜ ਪਟਿਆਲਾ ਦੇ ਅਰਬਨ ਅਸਟੇਟ ਸਬ ਡਵੀਜ਼ਨ ਅਧੀਨ ਆਉਂਦੇ ਹੀਰਾ ਬਾਗ, ਆਈਟੀਬੀਪੀ, ਰਿਸ਼ੀ ਕਲੋਨੀ, ਚੌਰਾ, ਮੇਹਰ ਸਿੰਘ ਕਲੋਨੀ, ਬਲਜੀਤ ਕਲੋਨੀ, ਸ਼ਗਨ ਵਿਹਾਰ, ਨੀਲੀਮਾ ਵਿਹਾਰ ਆਦਿ ਇਲਾਕਿਆਂ ‘ਚ ਬਿਜਲੀ ਸਪਲਾਈ ਸਵੇਰੇ 10.00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਬੰਦ ਰਹੇਗੀ।









