ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਡਾਕਟਰਾਂ ਅਤੇ ਕੋਰੋਨਾ ਵੈਕਸੀਨ ਸੰਬੰਧੀ ਟਿੱਪਣੀ ਕਰਨ ’ਤੇ ਯੋਗ ਗੁਰੂ ਅਤੇ ਕਾਰੋਬਾਰੀ ਬਾਬਾ ਰਾਮਦੇਵ ਖ਼ਿਲਾਫ਼ ਮਲੋਟ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਆਈਐੱਮਏ ਨੇ ਸ਼ਿਕਾਇਤ ਵਿੱਚ ਕਿਹਾ ਕਿ ਰਾਮਦੇਵ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਕੋਰੋਨਾ ਵੈਕਸੀਨ ਸੰਬੰਧੀ ਗੁੰਮਰਾਹ ਕਰਨ ਲਈ ਪ੍ਰਚਾਰ ਕਰ ਰਿਹਾ ਹੈ।
ਉਸਦਾ ਕਹਿਣਾ ਹੈ ਕਿ ਕੋਰੋਨਾ ਵੈਕਸੀਨ ਕਾਰਨ ਲੱਖਾਂ ਲੋਕਾਂ ਦੀ ਮੌਤ ਹੋਈ ਹੈ। ਉਹ ਲੋਕਾਂ ‘ਚ ਦਵਾਈ ਖਿਲਾਫ਼ ਗਲਤ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਦੌਰਾਨ ਫਰੰਟ ਲਾਇਨ ‘ਤੇ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਖ਼ਿਲਾਫ਼ ਟਿੱਪਣੀ ਕਰਕੇ ਕਾਰੋਬਾਰੀ ਰਾਮਦੇਵ ਨੇ ਇਸ ਕਿੱਤੇ ਨਾਲ ਜੁੜੇ ਡਾਕਟਰਾਂ ਦਾ ਅਪਮਾਨ ਕੀਤਾ ਹੈ। ਆਈਐੱਮਏ ਦੇ ਵਕੀਲ ਮੰਨੂ ਕਾਇਤ ਨੇ ਦੱਸਿਆ ਕਿ ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਲਈ 13 ਅਕਤੂਬਰ ਦਾ ਦਿਨ ਨਿਰਧਾਰਤ ਕੀਤਾ ਗਿਆ ਹੈ।