ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਦੀਵਾਲੀ ਦਾ ਵੱਡਾ ਤੋਹਫ਼ਾ ਦਿੱਤਾ ਹੈ। ਅੱਜ ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਨੇ ਬਿਜਲੀ 3 ਰੁਪਏ ਸਸਤੀ ਕਰਨ ਦਾ ਫੈਸਲਾ ਲਿਆ ਹੈ, ਜੋ ਅੱਜ ਤੋਂ ਹੀ ਲਾਗੂ ਹੋ ਗਿਆ ਹੈ। ਤਾਜ਼ਾ ਫੈਸਲੇ ਨਾਲ 100 ਯੂਨਿਟ ਤੱਕ ਸਿਰਫ 1.19 ਪੈਸੇ ਰੇਟ ਤੈਅ ਹੋਣਗੇ।
100-300 ਤੱਕ 7 ਤੋਂ ਘਟ ਕੇ 4 ਰੁਪਏ ਅਤੇ ਉਸ ਤੋਂ ਉੱਪਰ 5.76 ਰੁਪਏ ਰਹਿ ਜਾਵੇਗਾ । 100 ਯੂਨਿਟ ਤੱਕ ਬਿਜਲੀ ਪਰ ਯੂਨਿਟ 4.19 ਹੈ ਜੋ 1.19 ਰਹਿ ਜਾਵੇਗੀ।
ਪੰਜਾਬ ਵਿੱਚ ਹੇਠਲੇ ਵਰਗ ਦੇ 1 ਕਿਲੋਵਾਟ ਤੱਕ ਖਪਤਕਾਰਾਂ ਲਈ 200 ਯੂਨਿਟ ਬਿਜਲੀ ਮੁਆਫ਼ ਰਹੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕ ਮੁਫ਼ਤ ਵਿੱਚ ਕੁਝ ਨਹੀਂ ਚਾਹੁੰਦੇ, ਉਨ੍ਹਾਂ ਨੂੰ ਸਸਤੀ ਬਿਜਲੀ ਚਾਹੀਦੀ ਹੈ। ਅੱਜ ਪੰਜਾਬ ਵਿੱਚ ਬਿਜਲੀ ਪੂਰੇ ਦੇਸ਼ ਨਾਲੋਂ ਸਸਤੀ ਹੋ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਅਸੀਂ ਸਸਤੇ ਭਾਅ ‘ਤੇ ਬਿਜਲੀ ਖਰੀਦ ਕੇ ਦੇਣਾ ਸ਼ੁਰੂ ਕਰ ਦਿੱਤਾ ਹੈ, ਪੰਜਾਬ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਫੈਸਲੇ ਨਾਲ ਪੰਜਾਬ ਸਰਕਾਰ ਨੂੰ 3316 ਕਰੋੜ ਰੁਪਏ ਸਬਸਿਡੀ ਵਜੋਂ ਦੇਣੇ ਪੈਣਗੇ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਹੁਣ ਪੰਜਾਬ ਦੇ ਮੁਲਾਜ਼ਮਾਂ ਨੂੰ ਹੜਤਾਲ ‘ਤੇ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਮੁਲਾਜ਼ਮਾਂ ਨੂੰ ਹਰ ਮਹੀਨੇ 440 ਕਰੋੜ ਰੁਪਏ ਦਾ ਡੀਏ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਮੁਲਾਜ਼ਮਾਂ ਨੂੰ 11 ਫੀਸਦੀ ਡੀਏ ਦੇਣ ਜਾ ਰਹੀ ਹੈ।